* ਵਾਰਦਾਤ ਦੇ 7 ਦਿਨ ਲੰਘਣ ਮਗਰੋਂ ਵੀ ਫ਼ਰਾਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਖਰੜ ਸਥਿਤ ਦਰਪਣ ਸਿਟੀ ਸੁਸਾਇਟੀ 'ਚ ਦਿਨ-ਦਿਹਾੜੇ ਇੰਦਰਜੀਤ ਸਿੰਘ ਉਰਫ ਟਿੰਡਾ ਦੀ ਤਾਬੜ-ਤੋੜ 17 ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਗਿ੍ਫਤਾਰ ਉਸ ਦੇ ਦੋਸਤ ਰੋਹਿਤ ਸੇਠੀ ਤੇ ਅਜੈ ਕੁਮਾਰ ਉਰਫ ਕਾਪਾ ਨੂੰ ਪਿਛਲਾ ਰਿਮਾਂਡ ਖਤਮ ਹੋਣ ਉਪਰੰਤ ਬੁੱਧਵਾਰ ਨੂੰ ਦੁਬਾਰਾ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਨੇ ਅਦਾਲਤ 'ਚ ਰਿਮਾਂਡ ਹਾਸਲ ਕਰਦੇ ਸਮੇਂ ਇਹ ਦਲੀਲ ਦਿੱਤੀ ਕਿ ਦੋਵੇਂ ਮੁਲਜ਼ਮ ਪੁਲਿਸ ਜਾਂਚ 'ਚ ਪੂਰੀ ਤਰ੍ਹਾਂ ਨਾਲ ਸਹਿਯੋਗ ਨਹੀਂ ਦੇ ਰਹੇ ਹਨ। ਮੁਲਜ਼ਮਾਂ ਵੱਲੋਂ ਉਸ ਦੇ ਫ਼ਰਾਰ ਪੰਜ ਸਾਥੀਆਂ ਦੇ ਠਿਕਾਣਿਆਂ ਬਾਰੇ ਪੁੱਛਗਿੱਛ ਕਰਨੀ ਹੈ। ਉਥੇ ਹੀ ਰੋਹਿਤ ਨੇ ਵਾਰਦਾਤ ਹੋਣ ਦੇ ਦੋ ਦਿਨ ਪਹਿਲਾਂ ਤੋਂ ਹੀ ਆਪਣਾ ਮੋਬਾਈਲ ਫੋਨ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਸੀ ਪਰ ਉਹ ਕਿਸੇ ਦੂਜੇ ਦੇ ਫੋਨ ਤੋਂ ਹੱਤਿਆ ਦੇ ਦੋਸ਼ੀ ਤਕ ਇੰਦਰਜੀਤ ਦੀ ਜਾਣਕਾਰੀ ਪਹੁੰਚਾ ਰਿਹਾ ਸੀ। ਅਦਾਲਤ ਨੇ ਪੁਲਿਸ ਦਾ ਦਲੀਲ ਸੁਣ ਕੇ ਉਸਦੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਦੀ ਮਨਜ਼ੂਰੀ ਦੇ ਦਿੱਤੀ ਹੈ।

ਦੂਜੇ ਪਾਸੇ ਵਾਰਦਾਤ ਦੇ 7 ਦਿਨ ਲੰਘਣ ਮਗਰੋਂ ਵੀ ਪੁਲਿਸ ਨਾ ਤਾਂ ਫਰਾਰ ਹੋਏ ਮੁਲਜ਼ਮਾਂ ਦਾ ਕੋਈ ਸੁਰਾਗ ਲਗਾ ਪਾਈ ਹੈ ਅਤੇ ਨਾ ਹੀ ਰਿਮਾਂਡ 'ਤੇ ਚੱਲ ਰਹੇ ਰੋਹਿਤ ਸੇਠੀ ਤੇ ਅਜੈ ਕੁਮਾਰ ਤੋਂ ਕੋਈ ਰਿਕਵਰੀ ਕਰ ਪਾਈ ਹੈ। ਪੁਲਿਸ ਦੇ ਆਲਾਧਿਕਾਰੀ ਹਰ ਵਾਰ ਰੇਡ ਦੀ ਗੱਲ ਕਹਿ ਕੇ ਪੱਲਾ ਛੁਡਾ ਰਹੇ ਹਨ।

ਕੀ ਸੀ ਮਾਮਲਾ

7 ਨਵੰਬਰ ਨੂੰ ਕਰੀਬ ਢਾਈ ਵਜੇ ਦੇ ਆਸ-ਪਾਸ ਇੰਦਰਜੀਤ ਸਿੰਘ 'ਤੇ ਤਿੰਨ ਵਿਅਕਤੀਆਂ ਨੇ ਤਾਬੜ-ਤੋੜ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਹਮਲਾਵਰਾਂ ਨੇ ਕਰਵਾਇੰਟ 9 ਐੱਮਐੱਮ ਤੇ 32 ਬੋਰ ਰਿਵਾਲਵਰ ਨਾਲ ਕਰੀਬ 17 ਤੋਂ 18 ਫਾਇਰ ਕੀਤੇ, ਜਿਨ੍ਹਾਂ 'ਚੋਂ ਚਾਰ ਫਾਇਰ ਨੌਜਵਾਨ ਦੇ ਸਿਰ 'ਤੇ ਜਦਕਿ ਬਾਕੀ ਉਸ ਦੇ ਛਾਤੀ, ਬਾਜੂ ਤੇ ਿਢੱਡ ਵਿਚ ਲੱਗੇ ਸਨ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇੰਦਰਜੀਤ ਸਿੰਘ ਦੋ ਦਿਨ ਪਹਿਲਾਂ ਦਰਪਣ ਸਿਟੀ 'ਚ ਆਪਣੇ ਦੋਸਤ ਰੋਹਿਤ ਦੇ ਘਰ ਚੰਡੀਗੜ੍ਹ ਘੁੰਮਣ ਲਈ ਆਇਆ ਸੀ। ਹਮਲਾਵਰਾਂ ਨੇ ਉਸ ਨੂੰ ਉਸ ਸਮੇਂ ਮਾਰਿਆ ਜਦੋਂ ਉਹ ਆਪਣੇ ਦੋਸਤ ਅਜੈ ਤੇ ਰੋਹਿਤ ਨਾਲ ਸੰਨੀ ਇੰਨਕਲੇਵ ਜਾ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇ ਕੇ ਚਾਰ ਵਿਅਕਤੀ ਸਫੈਦ ਸਵਿਫਟ ਡਿਜ਼ਾਇਰ ਗੱਡੀ 'ਚ ਫ਼ਰਾਰ ਹੋ ਗਏ ਸਨ।