ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ 5 ਸਾਲਾਂ ਤੋਂ ਸੁਣਵਾਈ ਅਧੀਨ ਮਾਮਲੇ ਵਿਚ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਆਖਿਰ ਆਪਣੀ ਗਲਤੀ ਮੰਨਦੇ ਹੋਏ ਅਕਸ਼ੇ ਕੁਮਾਰ ਜਲੋਵਾ ਨੂੰ ਤਰੱਕੀ ਦੇ ਦਿੱਤੀ ਹੈ।

ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੀਨੀਅਰ ਲੈਕਚਰਾਰ ਈਸੀਈ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਜਲੰਧਰ ਅਕਸ਼ੇ ਕੁਮਾਰ ਜਲੋਵਾ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਵਿਭਾਗ ਵੱਲੋਂ ਉਸ ਨੂੰ ਬਣਦੀ ਤਰੱਕੀ ਨਹੀਂ ਦਿੱਤੀ ਗਈ, ਉਸ ਨੇ ਤਰੱਕੀ ਕਰਵਾਉਣ ਦੀ ਮੰਗ ਕੀਤੀ ਸੀ।

ਚੇਅਰਪਰਸਨ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ 'ਪੰਜਾਬ ਸਟੇਟ ਕਮਿਸ਼ਨ ਐਕਟ 2004' ਦੀ ਧਾਰਾ 10 (2) ਅਧੀਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਸਕੱਤਰ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਨੂੰ ਪੜਤਾਲ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ।

ਇਸ 'ਤੇ ਵਿਭਾਗ ਵੱਲੋਂ ਵੱਖ-ਵੱਖ ਤਰੀਕਾਂ 'ਤੇ ਕਮਿਸ਼ਨ ਕੋਲ ਆਪਣਾ ਪੱਖ ਰੱਖਿਆ ਗਿਆ ਅਤੇ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਕਿ ਅਕਸ਼ੇ ਕੁਮਾਰ ਜਲੋਵਾ ਦੀ ਤਰੱਕੀ ਨਿਯਮਾਂ ਅਨੁਸਾਰ ਨਹੀਂ ਬਣਦੀ। ਇਸ 'ਤੇ ਸ਼ਿਕਾਇਤਕਰਤਾ ਨੇ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਕਮਿਸ਼ਨ ਖੁਦ ਆਪਣੇ ਪੱਧਰ 'ਤੇ ਇਸ ਸ਼ਿਕਾਇਤ ਦੀ ਪੜਤਾਲ ਕਰੇ।

ਸ਼ਿਕਾਇਤ ਦੀ ਪੜਤਾਲ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭਦਿਆਲ ਨੂੰ ਸੌਂਪੀ ਗਈ, ਜਿਨ੍ਹਾਂ ਸ਼ਿਕਾਇਤਕਰਤਾ ਵੱਲੋਂ ਪੇਸ਼ ਤੱਥ, ਸਰਕਾਰ ਵੱਲੋਂ ਸਮੇਂ-ਸਮੇਂ ਕੀਤੀਆਂ ਹਦਾਇਤਾਂ ਤੇ ਨਿਯਮਾਂ ਨੂੰ ਵਿਚਾਰਣ ਅਤੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਪੇਸ਼ ਕੀਤੀ ਗਈ ਪੜਤਾਲ ਰਿਪੋਰਟ ਨੂੰ ਘੋਖਣ ਉਪਰੰਤ ਮੈਂਬਰਾਂ ਨੇ ਆਪਣੀ ਰਿਪੋਰਟ 16-8-17 ਨੂੰ ਪੇਸ਼ ਕੀਤੀ, ਜਿਸ ਵਿਚ ਉਨ੍ਹਾਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਜਾਇਜ਼ ਮੰਨਦੇ ਹੋਏ ਉਸ ਦੀ ਤਰੱਕੀ ਕਰਨ ਦੀ ਸਿਫਾਰਿਸ਼ ਕੀਤੀ। ਇਸ 'ਤੇ ਕਮਿਸ਼ਨ ਵੱਲੋਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਕਮਿਸ਼ਨ ਦੀ ਰਿਪੋਰਟ ਮੁਤਾਬਕ ਬਣਦੀ ਕਾਰਵਾਈ ਕਰਦੇ ਹੋਏ ਐਕਸ਼ਨ ਟੇਕਨ ਰਿਪੋਰਟ ਮੰਗੀ ਗਈ ਪਰ ਵਿਭਾਗ ਵੱਲੋਂ ਤਿੰਨ ਸਾਲ ਆਨਾ-ਬਹਾਨਾ ਕਰਦੇ ਬਤੀਤ ਕਰ ਦਿੱਤੇ ਗਏ।

ਫਿਰ ਉਨ੍ਹਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਕਮਿਸ਼ਨ ਦੀ ਰਿਪੋਰਟ 'ਤੇ ਪੈਰਾਵਾਈਜ਼ ਸਪੱਸ਼ਟੀਕਰਨ ਦਿੰਦੇ ਹੋਏ ਹਲਫੀਆ ਬਿਆਨ ਪੇਸ਼ ਕਰਨ ਲਈ ਲਿਖਿਆ। ਇਸ ਸਬੰਧੀ ਵਿਭਾਗ ਵੱਲੋਂ ਮਿਤੀ 13-7-2020 ਨੂੰ ਐਫੀਡੇਵਿਟ ਪੇਸ਼ ਕਰ ਕੇ ਲਿਖਿਆ ਗਿਆ ਕਿ ਵਿਭਾਗ ਵੱਲੋਂ ਡੀਪੀਸੀ ਦੀ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਇਸ ਕੇਸ ਨੂੰ ਵਿਚਾਰ ਕੇ ਹੱਲ ਕੱਢਿਆ ਜਾਵੇਗਾ। ਆਖ਼ਿਰ ਵਿਭਾਗ ਨੇ ਕਮਿਸ਼ਨ ਨੂੰ ਸੂਚਿਤ ਕੀਤਾ ਕਿ ਅਕਸ਼ੇ ਕੁਮਾਰ ਜਲੋਵਾ ਨੂੰ ਬਤੌਰ ਮੁਖੀ ਵਿਭਾਗ ਤਰੱਕੀ ਦਿੱਤੀ ਜਾਵੇ।