ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਦੀਆਂ ਅਕਾਦਮਿਕ ਸਾਲ 2019-20 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਵਿਚ ਦਾਖ਼ਲਾ ਨਾ ਲੈ ਸਕਣ ਵਾਲੇ ਵਿਦਿਆਰਥੀਆਂ ਲਈ ਦਾਖ਼ਲੇ ਦੀਆਂ ਮਿਤੀਆਂ ਵਿਚ ਵਾਧਾ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ, ਆਈਏਐੱਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦਸਵੀਂ ਸ਼੍ਰੇਣੀ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ 3 ਫਰਵਰੀ 2020 ਤਕ 10,000 ਰੁਪਏ ਲੇਟ ਫ਼ੀਸ ਅਦਾ ਕਰ ਕੇ ਦਾਖ਼ਲਾ ਲੈਣ ਲਈ ਚਲਾਨ ਜਨਰੇਟ ਕਰ ਸਕਣਗੇ ਅਤੇ 15 ਫਰਵਰੀ ਤਕ 11,000 ਰੁਪਏ ਲੇਟ ਫ਼ੀਸ ਨਾਲ ਦਾਖ਼ਲਾ ਲੈਣ ਲਈ ਚਲਾਨ ਜਨਰੇਟ ਕਰ ਸਕਣਗੇ। ਉਪਰੰਤ 3 ਫਰਵਰੀ ਤਕ ਜਨਰੇਟ ਕੀਤੇ ਗਏ ਚਲਾਨ 12 ਫਰਵਰੀ 2020 ਤਕ ਬੈਂਕ ਵਿਚ ਜਮ੍ਹਾਂ ਕਰਵਾਏ ਜਾ ਸਕਣਗੇ ਪਰ 15 ਫਰਵਰੀ ਤਕ ਜਨਰੇਟ ਕੀਤੇ ਗਏ ਚਲਾਨ 17 ਫਰਵਰੀ ਤਕ ਹੀ ਬੈਂਕ ਵਿਚ ਜਮ੍ਹਾਂ ਕਰਵਾਉਣੇ ਹੋਣਗੇ।

ਇਸੇ ਤਰ੍ਹਾਂ ਬਾਰ੍ਹਵੀਂ ਸ਼੍ਰੇਣੀ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ 10,000 ਰੁਪਏ ਲੇਟ ਫੀਸ ਨਾਲ 29 ਜਨਵਰੀ 2020 ਤਕ ਦਾਖ਼ਲਾ ਲੈਣ ਲਈ ਚਲਾਨ ਜਨਰੇਟ ਕਰਨ ਉਪਰੰਤ ਫ਼ਾਰਮ 31 ਜਨਵਰੀ 2020 ਤਕ ਜਮ੍ਹਾਂ ਕਰਵਾ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੈ।