ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਦੇ 5500 ਐਲੀਮੈਂਟਰੀ ਸਕੂਲਾਂ ਅਤੇ 2200 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵਾਲ ਵਰਕ ਲਈ ਤਿੰਨ ਕਰੋੜ ਪਚਾਸੀ ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜਾਰੀ ਕੀਤੀ ਗਈ ਹੈ। ਬੈਂਸ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਸਕੂਲਾਂ ਵਿਚ ਵਾਲ ਵਰਕ (ਸਕੂਲੀ ਕੰਧਾਂ ’ਤੇ ਸਿੱਖਣਯੋਗ ਸਮੱਗਰੀ ਲਿਖਣਾ) ਕਰਵਾਇਆ ਜਾਣਾ ਹੈ ਅਤੇ ਵਾਲ ਵਰਕ ਪਾਠ ਪੁਸਤਕ ’ਤੇ ਅਧਾਰਿਤ ਹੋਵੇਗਾ, ਪ੍ਰਾਇਮਰੀ ਪੱਧਰ ’ਤੇ ਕਰਵਾਏ ਜਾਣ ਵਾਲੇ ਵਾਲ ਵਰਕ ਲਈ ਮਹੀਨਿਆਂ ਦੇ ਨਾਂ, ਅੰਕਾਂ ਅਤੇ ਸ਼ਬਦਾਂ ਵਿਚ ਗਿਣਤੀ, ਗਣਿਤ ਦੇ ਫਾਰਮੂਲੇ, ਸ਼ਬਦ ਭੰਡਾਰ ਅੰਗਰੇਜ਼ੀ ਅਤੇ ਪੰਜਾਬੀ ਵਿਚ ਬਣਾਏ ਜਾ ਸਕਦੇ ਹਨ। ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਹਾਈ ਅਤੇ ਸੈਕੰਡਰੀ ਪੱਧਰ ’ਤੇ ਕਰਵਾਏ ਜਾਣ ਵਾਲੇ ਵਾਲ ਵਰਕ ਲਈ ਸਕੂਲ ਪੱਧਰ ’ਤੇ ਵਿਸ਼ਾਵਾਰ ਅਧਿਆਪਕਾਂ ਦੀ ਕਮੇਟੀ ਬਣਾ ਕੇ ਸਮੱਗਰੀ ਦੀ ਚੋਣ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸਾਰੀ ਸਮੱਗਰੀ ਦੀ ਲੈਬਲਿੰਗ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਕੀਤੀ ਜਾਵੇਗੀ। ਵਾਲ ਵਰਕ ਲਈ ਸਕੂਲ ਦੇ ਵਰਾਂਡੇ ਅਤੇ ਪਿੱਲਰਾਂ ਦੀ ਵਰਤੋਂ ਮੁੱਖ ਤੌਰ ’ਤੇ ਕੀਤੀ ਜਾਵੇ ਤਾਂ ਜੋ ਸਕੂਲ ਸਮੇਂ ਦੌਰਾਨ ਅਤੇ ਸਕੂਲ ਸਮੇਂ ਤੋਂ ਬਾਅਦ ਵੀ ਸਿੱਖਣ ਸਿਖਾਉਣ ਪ੍ਰਕਿਰਿਆ ਸੁਭਾਵਿਕ ਤੌਰ ’ਤੇ ਜਾਰੀ ਰਹੇ ਅਤੇ ਨਾਲ ਦੇ ਨਾਲ ਹੀ ਸਕੂਲ ਦੀ ਦਿੱਖ ਵੀ ਸੁੰਦਰ ਨਜ਼ਰ ਆਏ।

Posted By: Jagjit Singh