-ਬੀਤੇ ਦਿਨੀਂ ਐਨਫੋਰਸਮੈਂਟ ਵਿੰਗ ਵੱਲੋਂ ਸੱਤ ਕੁੰਡੀ ਕੁਨੈਕਸ਼ਨ ਫੜੇ ਸੀ
-ਬਿਜਲੀ ਕੁਨੈਕਸ਼ਨ ਕੱਟਣ ਦੇ ਰੋਸ ਵਜੋਂ ਸੁਸਾਇਟੀ ਵਾਸੀਆਂ ਨੇ ਬਿਲਡਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ
ਜੇਐੱਸ ਕਲੇਰ, ਜ਼ੀਰਕਪੁਰ : ਇਥੋਂ ਦੇ ਗਾਜ਼ੀਪੁਰ ਖੇਤਰ 'ਚ ਪਲੈਟੀਮਨ ਹੋਮਸ ਸੁਸਾਇਟੀ 'ਚ ਪਾਵਰਕਾਮ ਵੱਲੋਂ 90 ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ। ਪਾਵਰਕਾਮ ਨੇ ਦੋਸ਼ ਲਾਇਆ ਕਿ ਉਕਤ ਘਰਾਂ ਦੇ ਬਿਜਲੀ ਕੁਨੈਕਸ਼ਨ ਨਾਜਾਇਜ਼ ਢੰਗ ਨਾਲ ਚੱਲ ਰਹੇ ਸੀ। ਲੰਘੇ ਕੱਲ੍ਹ ਇਸੇ ਸੁਸਾਇਟੀ ਵਿੱਚ ਪਾਵਰਕੌਮ ਦੇ ਐਨਫੋਰਸਮੈਂਟ ਵਿੰਗ ਵੱਲੋਂ ਛਾਪਾ ਮਾਰ ਕੇ ਸੱਤ ਕੁੰਡੀ ਕੁਨੈਕਸ਼ਨ ਫੜੇ ਸੀ ਜਿਸ ਮਗਰੋਂ ਵਿਭਾਗ ਵੱਲੋਂ ਪਾਵਰਕੌਮ ਨੂੰ ਉਕਤ ਸੁਸਾਇਟੀ ਦੀ ਡੂੰਘਾਈ ਨਾਲ ਜਾਂਚ ਕਰ ਨਾਜਾਇਜ਼ ਬਿਜਲੀ ਕੁਨੈਕਸ਼ਨ ਕੱਟਣ ਦੀ ਹਦਾਇਤ ਕੀਤੀ ਸੀ। ਇਸ ਕਾਰਵਾਈ ਨੂੰ ਅੱਗੇ ਤੋਰਦਿਆਂ ਪਾਵਰਕੌਮ ਨੇ ਅੱਜ ਸੁਸਾਇਟੀ ਵਿੱਚ ਜਾਂਚ ਕਰ 90 ਘਰਾਂ ਦੇ ਕੁਨੈਕਸ਼ਨ ਕੱਟ ਦਿੱਤੇ। ਇਸਦੇ ਰੋਸ ਵਜੋਂ ਸੁਸਾਇਟੀ ਵਾਸੀਆਂ ਵੱਲੋਂ ਬਿਲਡਰ ਖ਼ਿਲਾਫ਼ ਜਬਰਦਸਤ ਰੋਸ ਮੁਜ਼ਾਹਰਾ ਕੀਤਾ।
ਮੁਜ਼ਹਰਾਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਿਲਡਰ ਤੋਂ ਸਬ ਮੀਟਰ ਲਾ ਕੇ ਕੁਨੈਕਸ਼ਨ ਲਏ ਹੋਏ ਸੀ ਜਿਸਦਾ ਉਹ ਬਕਾਇਦਾ ਬਿੱਲ ਵੀ ਭਰ ਰਹੇ ਸੀ। ਉਨੱਾਂ ਨੇ ਕਿਹਾ ਕਿ ਬਿਲਡਰ ਵੱਲੋਂ ਪਾਵਰਕਾਮ ਤੋਂ ਹਾਲੇ ਤੱਕ ਐੱਨਓਸੀ ਨਹੀਂ ਲਈ ਗਈ ਜਿਸ ਕਾਰਨ ਲੋਕਾਂ ਨੂੰ ਇਥੇ ਬਿਜਲੀ ਕੁਨੈਕਸ਼ਨ ਨਹੀਂ ਮਿਲ ਰਹੇ। ਉਹ ਜਦ ਵੀ ਬਿਲਡਰ ਨਾਲ ਗੱਲ ਕਰਦੇ ਹਨ ਤਾਂ ਉਹ ਛੇਤੀ ਬਿਜਲੀ ਕੁਨੈਕਸ਼ਨ ਮਿਲਣ ਦੀ ਗੱਲ ਆਖ ਕੇ ਪੱਲਾ ਝਾੜ ਲੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਲਡਰ ਦੀ ਗਲਤੀ ਦਾ ਖਾਮਿਆਜ਼ਾ ਉਹ ਭੁਗਤ ਰਹੇ ਹਨ। ਮੁਜ਼ਹਰਾਕਾਰੀ ਲੋਕਾਂ ਨੇ ਰੋਹ ਵਿੱਚ ਆ ਕੇ ਬਿਲਡਰ ਦੇ ਸੁਸਾਇਟੀ ਵਿਖੇ ਖੁੱਲ੍ਹੇ ਦਫ਼ਤਰ ਨੂੰ ਵੀ ਬੰਦ ਕਰਵਾ ਦਿੱਤਾ ਅਤੇ ਉਸ ਵੱਲੋਂ ਕੀਤੀ ਜਾ ਰਹੀ ਉਸਾਰੀ ਦੇ ਕੰਮ ਨੂੰ ਬੰਦ ਕਰਵਾ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੱਸਿਆ ਕਿ ਬਿਜਲੀ ਕੁਨੈਕਸ਼ਨ ਕੱਟਣ ਨਾਲ ਉਨ੍ਹਾਂ ਦੇ ਘਰਾਂ ਦੀ ਬੱਤੀ ਗੁਲ ਹੋ ਗਈ ਹੈ ਅਤੇ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਭਾਰੀ ਪੇ੍ਸ਼ਾਨੀ ਝੱਲਣੀ ਪਏਗੀ। ਬੱਚਿਆਂ ਦੀ ਪ੍ਰਰੀਖਿਆ ਚੱਲ ਰਹੀ ਹੈ ਤੇ ਬਿਨਾਂ ਬਿਜਲੀ ਤੋਂ ਪੜ੍ਹਾਈ ਪ੍ਰਭਾਵਿਤ ਹੋਵੇਗੀ। ਸੁਸਾਇਟੀ ਦੇ ਕੁਝ ਘਰਾਂ 'ਚ ਲੋਕ ਬਿਮਾਰ ਹਨ ਜਿਨ੍ਹਾਂ ਨੂੰ ਭਾਰੀ ਮੁਸ਼ਕਲ ਆਏਗੀ।
---------
ਕੀ ਕਹਿਣਾ ਹੈ ਐਕਸੀਅਨ ਦਾ
ਗੱਲ ਕਰਨ 'ਤੇ ਪਾਵਰਕਾਮ ਦੇ ਐਕਸੀਅਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਨਾਜਾਇਜ਼ ਕੁਨੈਕਸ਼ਨ ਨਿਯਮ ਮੁਤਾਬਕ ਕੱਟੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬਿਲਡਰ ਵੱਲੋਂ ਐੱਨਓਸੀ. ਲੈਣ ਮਗਰੋਂ ਬਿਜਲੀ ਕੁਨੈਕਸ਼ਨ ਜਾਰੀ ਕਰ ਦਿੱਤੇ ਜਾਣਗੇ।