ਜੈ ਸਿੰਘ ਛਿੱਬਰ, ਚੰਡੀਗੜ੍ਹ : ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮੁਲਾਕਾਤ ਕਰਨ ਲਈ ਰਾਜਭਵਨ ਵਿਖੇ ਪੁੱਜੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਨਾਲ ਉਨ੍ਹਾਂ ਦੀ ਮਿਲਣੀ ਨਿੱਜੀ ਹੈ। ਹੁਣ ਉਹ ਆਪਣਾ ਅਹੁਦਾ ਤਿਆਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਸ਼ਾਮ ਉਨ੍ਹਾਂ ਨੂੰ ਮੁਲਾਕਾਤ ਲਈ ਸੱਦਿਆ ਸੀ। ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਮੁੱਖ ਮੰਤਰੀ ਸਾਹਿਬ ਨੇ ਅਸਤੀਫਾ ਨਾ ਦੇਣ ਨੂੰ ਲੈ ਕੇ ਮੈਨੂੰ ਮਨਾਉਣਾ ਚਾਹਿਆ ਪਰ ਮੈਂ ਆਪਣੇ ਤਰਕ ਦੇ ਕੇ ਉਨ੍ਹਾਂ ਨੂੰ ਆਪਣਾ ਆਈਪੀਐਸ ਦੇ ਅਹੁਦੇ ਤੋਂ ਅਸਤੀਫਾ ਮਨਜ਼ੂਰ ਕਰਨ ਲਈ ਮਨਾ ਲਿਆ। ਹੁਣ ਮੈਂ ਬਤੌਰ ਆਈਪੀਐਸ ਨਹੀਂ ਬਲਕਿ ਇਕ ਸਮਾਜ ਸੇਵੀ ਦੇ ਤੌਰ ’ਤੇ ਕੰਮ ਕਰਾਂਗਾ। ਇਸ ਮੁਲਾਕਾਤ ਦੌਰਾਨ ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਦੀ ਮਦਦ ਲਈ ਮੈਂ ਹਰ ਵੇਲੇ ਹਾਜ਼ਰ ਹਾਂ।

ਦੱਸ ਦੇਈਏ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਜਾਂ ਵਿਭਾਗ ਨੇ ਉਨ੍ਹਾਂ ਦੇ ਅਸਤੀਫਾ ਦੀ ਮਨਜ਼ੂਰੀ ਦੀ ਪੁਸ਼ਟੀ ਨਹੀਂ ਕੀਤੀ ਪਰ ਇਸ ਦੌਰਾਨ ਕੁੰਵਰ ਵਿਜੇ ਪ੍ਰਤਾਪ ਦਾ ਇਹ ਬਿਆਨ ਅਹਿਮੀਅਤ ਰੱਖਦਾ ਹੈ। ਲਗਪਗ ਅੱਧਾ ਘੰਟਾ ਉਨ੍ਹਾਂ ਨੇ ਰਾਜਭਵਨ ਵਿਚ ਰਾਜਪਾਲ ਨਾਲ ਮਿਲੇ। ਇਸ ਮੁਲਾਕਾਤ ਦੌਰਾਨ ਉਨ੍ਹਾਂ ਜ਼ਿਆਦਾ ਕੁਝ ਸਪੱਸ਼ਟ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਿੰਨ ਦਿਨ ਪਹਿਲਾਂ ਨੌਕਰੀ ਤੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਸੌਂਪਿਆਂ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਅਸਤੀਫ਼ਾ ਨਾ ਮਨਜ਼ੂਰ ਕਰਦੇ ਹੋਏ ਕਿਹਾ ਸੀ ਕਿ ਉਹ ਇਕ ਕੁਸ਼ਲ ਅਧਿਕਾਰੀ ਹਨ ਅਤੇ ਉਨ੍ਹਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੀ ਗੱਲ ’ਤੇ ਬਜ਼ਿੱਦ ਹਨ। ਉਨ੍ਹਾਂ ਫੇਸਬੁੱਕ ’ਤੇ ਪਾਈ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੇ ਅਸਤੀਫੇ ’ਤੇ ਸਿਆਸਤ ਨਾ ਕੀਤੀ ਜਾਵੇ। ਉਹ ਹੁਣ ਬਤੌਰ ਆਈਪੀਐਸ ਸੇਵਾ ਨਹੀਂ ਨਿਭਾਉਣਗੇ ਪਰ ਸਮਾਜ ਸੇਵਾ ਜ਼ਰੂਰ ਕਰਦੇ ਹਨ।

ਕੋਟਕਪੂਰਾ ਮਾਮਲੇ ਦੀ ਜਾਂਚ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਬਾਰੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਐੱਸਆਈਟੀ ਦੇ ਮੁਖੀ ਤੋਂ ਹਟਾਉਣ ਜਾਂ ਕੇਸ ਦੀ ਜਾਂਚ ਰੱਦ ਕਰਨ ਦੇ ਕੋਈ ਵੀ ਫੈਸਲੇ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ।

Posted By: Tejinder Thind