ਰੋਹਿਤ ਕੁਮਾਰ, ਚੰਡੀਗੜ੍ਹ : ਸੂਬੇ ਵਿਚ ਜੰਗਲਾਤ ਘੁਟਾਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ਆਈਐੱਫਐੱਸ ਪਰਵੀਨ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹਿਰਾਸਤ ਵਿਚ ਲਏ ਅਫ਼ਸਰ ਨੇ ਖ਼ੁਲਾਸਾ ਕੀਤਾ ਹੈ ਕਿ ਜੰਗਲਾਤ ਵਿਭਾਗ ਵਿਚ ਹੋਇਆ ਟੀ-ਗਾਰਡ ਘਪਲਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਆਖੇ ਲੱਗ ਕੇ ਕੀਤਾ ਸੀ। ਪੁੱਛ ਪੜਤਾਲ ਦੌਰਾਨ ਪਰਵੀਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਗਿਲਜੀਆਂ ਨੇ ਕਿਹਾ ਸੀ ਕਿ ਉਸ ਦੇ ਮੁਕਾਬਲੇ ’ਤੇ ਚੋਣ ਲੜਨ ਵਾਲਾ ਵਿਅਕਤੀ ਧਨਾਢ ਹੈ, ਜਿਸ ਦਾ ਅਮਰੀਕਾ ਵਿਚ ਵਿੱਤੀ ਅਧਾਰ ਹੈ। ਇਸ ਲਈ ਚੋਣ ਲੜਨ ਵਾਸਤੇ ਪੈਸੇ ਦੀ ਲੋੜ ਪੈਣੀ ਹੈ। ਇਸ ਤੋਂ ਇਲਾਵਾ ਮੰਤਰੀ ਨੇ ਉਸ ਉੱਤੇ ਵੱਖ-ਵੱਖ ਅਧਿਕਾਰਤ ਸਰਗਰਮੀਆਂ ਲਈ ਨਿਰਧਾਰਤ ਵਿਭਾਗ ਦੇ ਫੰਡ ਵਿੱਚੋਂ ਪੈਸਾ ਦੇਣ ਲਈ ਦਬਾਅ ਪਾਇਆ ਸੀ। ਇਸ ਮਗਰੋਂ ਇਹ ਘਪਲਾ ਕੀਤਾ ਗਿਆ ਸੀ।

ਵਿਜੀਲੈਂਸ ਅਧਿਕਾਰੀਆਂ ਮੁਤਾਬਕ ਜਾਂਚ ਵਿਚ ਪਤਾ ਲੱਗਾ ਹੈ ਕਿ ਮਨਪਸੰਦ ਦੀ ਪੋਸਟਿੰਗ ਦੇਣ, ਖੈਰ ਦੇ ਰੁੱਖਾਂ ਨੂੰ ਕੱਟਣ ਵਿਚ ਦਲਾਲੀ, ਵਪਾਰਕ ਅਦਾਰਿਆਂ ਲਈ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ ਜਾਰੀ ਕਰਨ, ਕਰੋੜਾਂ ਰੁਪਏ ਦੀ ਕੀਮਤ ਦੇ ਟ੍ਰੀ ਗਾਰਡ ਦੀ ਖ਼ਰੀਦ ਵਿਚ ਹੋਏ ਘਪਲੇ ਤੇ ਹੋਰ ਸਾਰੇ ਮਾਮਲਿਆਂ ਵਿਚ ਪਰਵੀਨ ਦਾ ਹੱਥ ਮੰਨਿਆ ਗਿਆ ਹੈ। ਇਹ ਅਫ਼ਸਰ ਲੰਘੇ ਪੰਜ ਵਰਿ੍ਹਆਂ ਤੋਂ ਵਣ ਵਿਭਾਗ ਵਿਚ ਵਿਆਪਕ ਤੌਰ ’ਤੇ ਚੱਲ ਰਹੇ ਸਮੂਹਿਕ ਭ੍ਰਿਸ਼ਟਾਚਾਰ ਵਿਚ ਸ਼ਾਮਲ ਸੀ। ਪਰਵੀਨ ਪਨਕੈਂਪਾ ਦੇ ਸੀਈਓ ਤੇ ਵਣ ਵਿਭਾਗ ਵਿਚ ਐੱਨਓਸੀ ਜਾਰੀ ਕਰਨ ਸਬੰਧੀ ਨੋਡਲ ਅਫ਼ਸਰ ਬਣਿਆ ਹੋਇਆ ਸੀ। ਇਸ ਤੋਂ ਇਲਾਵਾ ਸਾਬਕਾ ਮੰਤਰੀ ਗਿਲਜੀਆਂ ਦੇ 26 ਸਤੰਬਰ 2021 ਨੂੰ ਵਣ ਮੰਤਰੀ ਬਣਨ ਪਿੱਛੋਂ ਪਰਵੀਨ ਨੂੰ ਅਕਤੂਬਰ 2021 ਵਿਚ ਪੀਸੀਸੀਐੱਫ ਦਾ ਕਾਰਜਭਾਰ ਦਿੱਤਾ ਗਿਆ। ਇਸ ਮਗਰੋਂ ਅਫ਼ਸਰ ਨੇ ਸਾਬਕਾ ਮੰਤਰੀ ਦੇ ਭਤੀਜੇ ਦਲਜੀਤ ਗਿਲਜੀਆਂ ਦੇ ਨਾਲ ਰਲ਼ ਕੇ ਸਾਜ਼ਿਸ਼ ਰਚੀ। ਦਲਜੀਤ ਤੇ ਵਿਪੁਲ ਸਹਿਗਲ ਨੂੰ ਵਿਸ਼ਾਲ ਚੌਹਾਨ, ਆਈਐੱਫਐੱਸ, ਸੀਐੱਫ ਨਾਲ ਮਿਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ‘ਮਦਦ’ ਕਰਨ ਕਿਉਂਕਿ ਉਹ ਵਿਭਾਗ ਨੂੰ ਕਿਸੇ ਟੈਂਡਰ/ਕੋਟੇਸ਼ਨ ਤੋਂ ਬਿਨਾਂ ਹੀ ਟ੍ਰੀ-ਗਾਰਡ ਦੀ ਸਪਲਾਈ ਕਰਨਗੇ ਜਾਂ ਜੇਮ ਪੋਰਟਲ ਰਾਹੀਂ ਸਰਕਾਰ ਦੇ ਨਿਯਮਾਂ ਤਹਿਤ ਇਹ ਕੰਮ ਕਰਨਗੇ। ਨਤੀਜੇ ਵਜੋਂ ਹੋਰ ਸਹਿ-ਮੁਲਜ਼ਮਾਂ ਨਿਤਿਨ ਬਾਂਸਲ, ਬਿੰਦਰ ਸਿੰਘ, ਸਚਿਨ ਮਹਿਤਾ, ਵਿਪੁਲ ਸਹਿਗਲ ਤੇ ਹੋਰਨਾਂ ਨਾਲ ਮਿਲ ਕੇ ਟ੍ਰੀ-ਗਾਰਡ ਦੀ ਆੜ ਵਿਚ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ। ਇਸ ਤੋਂ ਇਲਾਵਾ ਸਾਬਕਾ ਮੰਤਰੀ ਗਿਲਜੀਆਂ ਤੇ ਪਰਵੀਨ ਨੇ ਲਾਭਪਾਤਰੀਆਂ ਕੋਲੋਂ ਪੈਸੇ ਲੈਣ ਪਿੱਛੋਂ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਸਤ ਜਨਵਰੀ 2022 ਨੂੰ 23 ਕਾਰਜਕਾਰੀ ਖੇਤਰ ਦੇ ਅਧਿਕਾਰੀਆਂ ਦੀ ਟ੍ਰਾਂਸਫਰ ਦੇ ਹੁਕਮ ਜਾਰੀ ਕਰਨ ਲਈ ਤੈਅ ਮਾਪਦੰਡਾਂ ਨੂੰ ਛਿੱਕੇ ਟੰਗ ਦਿੱਤਾ ਸੀ। ਪਰਵੀਨ, ਪੰਜਾਬ ਵਿਚ ਵੱਖ ਵੱਖ ਵਪਾਰਕ ਅਦਾਰਿਆਂ ਦੀ ਐੱਨਓਸੀ ਦੇ ਸਬੰਧ ਵਿਚ ਕੇਸ ਪਾਸ ਕਰਵਾਉਣ ਦੀ ਇਵਜ ਵਿਚ ਨਾਜਾਇਜ਼ ਰੂਪ ਵਿਚ ਪੈਸਾ ਲੈਂਦਾ ਰਿਹਾ ਹੈ। ਇਸ ਮਾਮਲੇ ਵਿਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਦੋਵੇਂ ਮੁਲਜ਼ਮ ਹਨ।

Posted By: Jagjit Singh