ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਉਹ ਜ਼ਿਮਨੀ ਚੋਣ ਨਹੀਂ ਲੜਨਗੇ। ਪਾਰਟੀ ਹਾਈਕਮਾਨ ਵਲੋਂ ਅਸਤੀਫ਼ਾ ਰੱਦ ਕਰਨ ਤੋਂ ਬਾਅਦ ਕਰੀਬ ਚਾਰ ਮਹੀਨਿਆਂ ਬਾਅਦ ਮੰਗਲਵਾਰ ਪੱਤਰਕਾਰਾਂ ਨਾਲ ਰੂਬਰੂ ਹੋਏ ਸਨ। ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਹਾਰਨ ਤੋਂ ਬਾਅਦ 27 ਮਈ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਕਾਂਗਰਸ ਭਵਨ 'ਚ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਫ਼ਸਰਾਂ ਦੀ ਥਾਂ 'ਤੇ ਪਾਰਟੀ ਆਗੂਆਂ,ਵਰਕਰਾਂ ਨੂੰ ਚੇਅਰਮੈਨ ਲਗਾਉਣ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਕਾਰਨ ਹੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਆਗੂ ਲੋਕਾਂ ਨੂੰ ਜਵਾਬਦੇਹ ਹਨ। ਸਰਕਾਰ ਵਲੋਂ ਛੇ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਧਾਇਕ ਲੋਕਾਂ 'ਚੋਂ ਚੁਣ ਕੇ ਆਉਂਦੇ ਹਨ ਤੇ ਉਹ ਵਧੀਆ ਰਾਜਨੀਤਿਕ ਸਲਾਹ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕੱਤਰੇਤ ਦੇ ਏ.ਸੀ ਕਮਰਿਆਂ ਵਿਚ ਬੈਠ ਕੇ ਸਲਾਹ ਨਹੀਂ ਦਿੱਤੀ ਜਾ ਸਕਦੀ। ਵਿਰੋਧੀ ਧਿਰਾਂ ਖਾਸ ਕਰਕੇ ਅਕਾਲੀ ਦਲ ਵਲੋਂ ਖ਼ਜ਼ਾਨੇ 'ਤੇ ਬੋਝ ਪਾਉਣ ਬਾਰੇ ਦਿੱਤੇ ਜਾ ਰਹੇ ਬਿਆਨਾਂ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਦੌਰਾਨ 26 ਸੰਸਦੀ ਸਕੱਤਰ ਲਗਾਏ ਹੋਏ ਸਨ, ਜਿਨ੍ਹਾਂ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ 140 ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ, ਉਨ੍ਹਾਂ ਅਕਾਲੀ ਆਗੂਆਂ ਨੂੰ ਘੇਰਦਿਆਂ ਕਿਹਾ ਕਿ ਕੋਈ ਗੱਲ ਨਹੀਂ ਸਬਰ ਰੱਖੋ ਸਰਕਾਰ 'ਬੇਅਦਬੀ ਤੇ ਚਿੱਟਾ' ਵਾਲਾ ਵਾਅਦਾ ਵੀ ਪੂਰਾ ਕਰੇਗੀ। ਜਾਖੜ ਨੇ ਕਿਹਾ ਕਿ ਕਦੇ ਵੀ ਐਨੀ ਜਲਦੀ ਸੀਬੀਆਈ ਨੇ ਕਿਸੇ ਮਾਮਲੇ 'ਚ ਕਲੋਜ਼ਰ ਰਿਪੋਰਟ ਨਹੀਂ ਭਰੀ। ਉਨ੍ਹਾਂ ਕਿਹਾ ਕਿ 550ਵਾਂ ਗੁਰਪੁਰਬ ਸਰਕਾਰ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਮਨਾਉਣ ਨੂੰ ਤਿਆਰ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਧਿਰ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਰਾਜਨੀਤੀ ਛੱਡ ਕੇ ਮਿਲ ਕੇ ਸਮਾਗਮ ਮਨਾਉਣੇ ਚਾਹੀਦੇ ਹਨ ਕਿਉਂਕਿ ਰਾਜਨੀਤੀ ਕਰਨ ਲਈ ਹੋਰ ਬਥੇਰੇ ਮੰਚ ਹਨ। ਪ੍ਰਤਾਪ ਸਿੰਘ ਬਾਜਵਾ ਦੁਆਰਾ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠਾਏ ਜਾ ਰਹੇ ਸਵਾਲਾਂ ਦੇ ਜਵਾਬ ਵਿਚ ਜਾਖੜ ਨੇ ਕਿਹਾ ਕਿ ਬਾਜਵਾ ਸੀਨੀਅਰ ਆਗੂ ਹਨ ਤੇ ਕੈਪਟਨ ਉਨ੍ਹਾਂ ਦੀ ਗੱਲ ਵੀ ਮੰਨਦੇ ਹਨ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ 2 ਅਕਤੂਬਰ ਨੂੰ ਗਾਂਧੀ ਜੈਅੰਤੀ ਦੇ ਮੌਕੇ 'ਤੇ ਦੇਸ਼ ਭਰ ਵਿਚ ਸਮਾਗਮ ਕੀਤੇ ਜਾਣਗੇ ਅਤੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਂਗਰਸ ਸੜਕਾਂ 'ਤੇ ਉਤਰੇਗੀ, ਨੇ ਸਰਕਾਰ ਬਣਾਈ ਹੈ, ਲੋਕਾਂ ਵਿਚ ਵਰਕਰ ਜਾਂਦੇ ਹਨ ਅਤੇ ਇਸ ਤੋਂ ਪਹਿਲਾਂ ਕਾਂਗਰਸ ਭਵਨ 'ਚ ਹੋਈ ਮੀਟਿੰਗ ਵਿਚ ਕਈ ਵਿਧਾਇਕਾਂ ਨੇ ਵਰਕਰਾਂ ਨੂੰ ਅਣਡਿੱਠ ਕਰਕੇ ਅਫਸਰਾਂ ਨੂੰ ਚੇਅਰਮੈਨ ਲਗਾਉਣ ਦਾ ਵਿਰੋੋਧ ਕੀਤਾ। ਕਈ ਵਿਧਾਇਕਾਂ ਨੇ ਕਿਹਾ ਕਿ ਪਾਰਟੀ ਲਈ ਕੰਮ ਵਰਕਰ ਕਰਦੇ ਹਨ, ਸਰਕਾਰ ਵਰਕਰਾਂ ਦੀ ਮਿਹਨਤ ਕਰਕੇ ਬਣਦੀ ਹੈ ਪਰ ਚੇਅਰਮੈਨੀਆਂ ਦੇ ਗੱਫ਼ੇ ਅਫ਼ਸਰਾਂ ਨੂੰ ਦਿੱਤੇ ਜਾ ਰਹੇ ਹਨ।