ਜ.ਸ., ਸਿਰਸਾ : ਜਗਜੀਸ਼ ਸਿੰਘ ਝੀਂਡਾ ਨੇ ਕਿਹਾ ਹੈ ਕਿ ਉਹ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ। ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਸੀ। ਮੌਜੂਦਾ ਸਮੇਂ ਦਾਦੂਵਾਲ ਦੇ ਨਾਲ ਕਮੇਟੀ ਦੇ ਕੇਵਲ ਤਿੰਨ ਮੈਂਬਰ ਹਨ, ਜਦਕਿ ਉਨ੍ਹਾਂ ਦੇ ਨਾਲ 33 ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਮੀਤ ਸਿੰਘ ਤਿਲੋਕੇਵਾਲਾ, ਡਾ. ਗੁਰਚਰਨ ਸਿੰਘ ਸਮੇਤ ਹੋਰ ਮੈਂਬਰ ਮੌਜੂਦ ਸਨ।

ਜਗਦੀਸ਼ ਸਿੰਘ ਝੀਂਡਾ ਨੇ ਵੀਰਵਾਰ ਨੂੰ ਸੂਰਤਗੜ੍ਹੀਆ ਬਾਜ਼ਾਰ ਸਥਿਤ ਗੁਰਦੁਆਰਾ ਸ੍ਰੀ ਦਸਵੀਂ ਪਾਤਸ਼ਾਹੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਸਭ ਨੂੰ ਅਧਿਕਾਰ ਹੈ ਕਿ ਉਹ ਆਪਣੇ ਆਪ ਨੂੰ ਪ੍ਰਧਾਨ ਕਹੇ। ਦਾਦੂਵਾਲ ਕਿਵੇਂ ਪ੍ਰਧਾਨ ਬਣੇ, ਇਹ ਦੱਸਣ ਲਈ ਝੀਂਡਾ ਨੇ ਕਿਹਾ ਕਿ ਸਾਲ 2020 ’ਚ ਉਹ ਬਿਮਾਰ ਹੋ ਗਏ ਸਨ। ਉਹ ਡੀਐੱਮਸੀ ’ਚ ਦਾਖਲ ਹੋਏ। ਉਥੇ ਕਮੇਟੀ ਦੇ ਹੋਰਨਾਂ ਮੈਂਬਰਾਂ ਨੇ ਕਾਰਜਕਾਰੀ ਪ੍ਰਧਾਨ ਚੁਣਨ ਲਈ ਕਿਹਾ ਜਿਸ ’ਤੇ ਇਕ ਮਹੀਨੇ ਤੋਂ ਬਾਅਦ ਚੋਣ ਹੋਈ ਅਤੇ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਝੀਂਡਾ ਨੇ ਕਿਹਾ ਕਿ ਉਨ੍ਹਾਂ ਆਪਣਾ ਅਸਤੀਫ਼ਾ ਹਾਊਸ ’ਚ ਰੱਖਿਆ ਪਰ ਮਨਜ਼ੂਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਲ 2014 ’ਚ 41 ਮੈਂਬਰਾਂ ਵਿਚੋਂ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ ਸੀ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ ਸੀ। ਦਾਦੂਵਾਲ ਕਹਿ ਰਹੇ ਹਨ ਕਿ ਜਦੋਂ ਉਨ੍ਹਾਂ ਦੀ ਚੋਣ ਹੋਈ ਸੀ, ਉਦੋਂ ਪ੍ਰਸ਼ਾਸਨ ਨੇ ਫੋਰਸ ਲਗਾਈ ਸੀ। ਝੀਂਡਾ ਨੇ ਕਿਹਾ ਕਿ ਉਸ ਚੋਣ ਵਿਚ ਜਸਬੀਰ ਸਿੰਘ ਤੇ ਦਾਦੂਵਾਲ ਉਮੀਦਵਾਰ ਸਨ। ਕੋਈ ਵਿਵਾਦ ਨਾ ਹੋ ਜਾਵੇ, ਇਸ ਲਈ ਫੋਰਸ ਲਗਾਈ ਗਈ ਸੀ। ਜੇ ਦਾਦੂਵਾਲ ਪ੍ਰਧਾਨ ਹੁੰਦੇ ਤਾਂ ਉਹ ਚੀਕਾ ਜਾਂ ਕੁਰੂਕੁਸ਼ੇਤਰ ਜਾ ਕੇ ਡੀਸੀ ਤੋਂ ਸਹੁੰ ਚੁੱਕਦੇ। ਡੀਸੀ ਉਨ੍ਹਾਂ ਬਾਰੇ ਗਵਰਨਰ ਹਾਊਸ ਨੂੰ ਸੂਚਨਾ ਦਿੰਦੇ ਅਤੇ ਸਹੁੰ ਚੁਕਵਾਉਂਦੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨੌਵੀਂ ਪਾਤਸ਼ਾਹੀ ਨੀਮ ਸਾਹਿਬ ਗੁਰਦੁਆਰੇ ’ਚ ਮੀਟਿੰਗ ਹੋਈ ਸੀ। ਦਾਦੂਵਾਲ ਕਹਿ ਰਹੇ ਹਨ ਕਿ ਚੌਕ ਜਾਂ ਗਲੀ ਵਿਚ ਮੀਟਿੰਗ ਹੋਈ ਸੀ, ਤਾਂ ਉਨ੍ਹਾਂ ਨੂੰ ਗੁਰੂ ਘਰ ਲਈ ਮਰਿਆਦਾ ਵਾਲੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਗਦੀਸ਼ ਝੀਂਡਾ ਨੇ ਕਿਹਾ ਕਿ ਸੂਬੇ ਵਿਚ 100 ਤੋਂ ਵੱਧ ਗੁਰਦੁਆਰੇ ਹੋਣਗੇ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਤ ਆਉਣਗੇ। ਕੋਰਟ ਤੋਂ ਕਾਨੂੰਨੀ ਮਾਨਤਾ ਮਿਲ ਗਈ ਹੈ।

Posted By: Jagjit Singh