ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਦੀਵਾਲੀ ਦੇ ਤਿਉਹਾਰ 'ਤੇ ਸ਼ਹਿਰ 'ਚ ਨਿਯਮਾਂ ਦੀ ਉਲੰਘਣਾ ਕਰਕੇ ਲੱਖਾਂ ਰੁਪਏ ਦੇ ਪਟਾਕੇ ਵੇਚੇ ਗਏ ਜਿਸ ਕਰਕੇ ਦੀਵਾਲੀ ਵਾਲੇ ਦਿਨ ਪੂਰੇ ਸ਼ਹਿਰ ਨੂੰ ਵੱਡੇ ਖਤਰੇ 'ਚ ਪਾ ਕੇ ਰੱਖਿਆ ਗਿਆ। ਜਦੋਂ ਕਿ ਚੰਡੀਗੜ੍ਹ ਵਿਖੇ ਪਟਾਕਿਆਂ 'ਤੇ ਪਾਬੰਦੀ ਰਹੀ ਪਰ ਇੱਥੇ ਪਟਾਕੇ ਖੁੱਲ੍ਹਆਮ ਵੇਚਣ ਅਤੇ ਵਜਾਉਣ ਤੋਂ ਲੈ ਕੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਸ਼ਾਸਨ ਪੂਰੀ ਤਰਾਂ੍ਹ ਫ਼ੇਲ੍ਹ ਸਾਬਿਤ ਹੋਇਆ। ਦਰਅਸਲ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਬਾਵਜੂਦ ਸਰਕਾਰੀ ਸਕੂਲ ਦੀ ਬਜਾਏ ਭੀੜ-ਭੜੱਕੇ ਵਾਲੇ ਬੱਸ ਸਟੈਂਡ ਅਤੇ ਬਾਜ਼ਾਰ 'ਚ ਪਟਾਕਿਆ ਦੀਆਂ ਦੁਕਾਨਾਂ ਤੇ ਖੁੱਲ੍ਹਆਮ ਪਟਾਕੇ ਵੇਚੇ ਗਏ। ਨਿਰਧਾਰਿਤ ਕੀਤੀ ਜਗ੍ਹਾ ਛੱਡ ਕੇ ਆਪਣੀਆਂ ਦੁਕਾਨਾਂ ਸਮੇਤ ਲਾਇਸੈਂਸੀ ਗੈਰ ਲਾਇਸੈਂਸੀ ਦੁਕਾਨਦਾਰਾਂ ਨੇ ਪਟਾਕੇ ਵੇਚੇ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਭੀੜ ਜ਼ਿਆਦਾ ਹੋਣ ਕਾਰਨ ਪਟਾਕਾ ਦੁਕਾਨਦਾਰ ਸਮੇਤ ਗਾਹਕ ਵੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਦਾ ਪੂਰਾ ਖ਼ਤਰਾ ਸੀ। ਪਰ ਸਭ ਕੁਝ ਠੀਕ-ਠਾਕ ਸਮਾਂ ਨਿਕਲ ਚੁੱਕਾ ਹੈ, ਇਸ ਲਈ ਕੋਈ ਚਿੰਤਾ ਨਹੀਂ ਪ੍ਰਗਟਾਈ ਜਾ ਰਹੀ ਹੈ, ਪਰ ਲੋਕਾਂ ਦਾ ਕਹਿਣਾ ਹੈ ਕਿ ਭਵਿੱਖ 'ਚ ਅਜਿਹੀ ਗ਼ਲਤੀ ਦੁਬਾਰਾ ਨਾ ਹੋਵੇ ਤਾਂ ਕਿ ਬਾਅਦ 'ਚ ਪਛਤਾਣਾ ਨਾ ਭਵੇਂ ਇਸ ਲਈ ਇਸ ਪ੍ਰਸ਼ਾਸਨ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ।

ਜਾਣਕਾਰੀ ਮੁਤਾਬਕ 15 ਦੇ ਕਰੀਬ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਲਈ ਸਰਕਾਰੀ ਸਕੂਲ ਦੀ ਗਰਾਊਂਡ ਦੀ ਜਗ੍ਹਾ ਨਿਸ਼ਚਿਤ ਕੀਤੀ ਗਈ ਸੀ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕੁਝ ਬਿਨਾਂ੍ਹ ਲਾਇਸੈਂਸ ਪਟਾਕਿਆਂ ਦੇ ਦੁਕਾਨਦਾਰਾਂ ਨੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਬੱਸ ਸਟੈਂਡ 'ਤੇ ਆਪਣੀਆਂ ਦੁਕਾਨਾਂ ਸਜਾ ਲਈਆਂ। ਗਾਹਕਾਂ ਨੇ ਸਰਕਾਰੀ ਗਰਾਊਂਡ 'ਚ ਜਾਣ ਦੀ ਬਜਾਏ ਇਨਾਂ੍ਹ ਦੁਕਾਨਾਂ 'ਤੇ ਜਾ ਕ ਪਟਾਕੇ ਖ਼ਰੀਦਣੇ ਸ਼ੁਰੂ ਕਰ ਦਿੱਤੇ। ਡੇਰਾਬੱਸੀ ਨਗਰ ਕੌਂਸਲ ਅਤੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਪ੍ਰਸ਼ਾਸਨ ਨੇ ਇਨਾਂ੍ਹ ਨੂੰ ਹਟਾਉਣ ਦੀ ਖੇਚਲ ਨਹੀਂ ਕੀਤੀ, ਜਿਸ ਦਾ ਅਸਰ ਪਟਾਕਾ ਬਾਜ਼ਾਰ ਤੇ ਦੇਖਣ ਨੂੰ ਮਿਲਿਆ। ਉਥੇ ਸਰਕਾਰੀ ਸਕੂਲ 'ਚੋਂ ਦੁਕਾਨਦਾਰ ਦੀਵਾਲੀ ਵਾਲੇ ਦਿਨ ਆਪਣੀਆਂ ਦੋ ਦਰਜਨ ਦੁਕਾਨਾਂ ਲੈ ਕੇ ਡੇਰਾਬਸੀ ਬੱਸ ਸਟੈਂਡ 'ਤੇ ਆ ਗਏ ਜਿੱਥੇ ਬਿਨਾਂ ਕਿਸੇ ਅੱਗ ਬਝਾਊ ਯੰਤਰਾਂ ਦੇ ਪ੍ਰਬੰਧਾਂ ਅਤੇ ਖੁੱਲ੍ਹੀ ਥਾਂ 'ਤੇ ਪਟਾਕੇ ਵੇਚਣ ਅਤੇ ਖਰੀਦਣ ਦਾ ਕੰਮ ਬੇਰੋਕ ਜਾਰੀ ਰਿਹਾ। ਜਿਸ ਕਾਰਨ ਭਿਆਨਕ ਅੱਗ ਲੱਗਣ ਜਾਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਿਹਾ। ਪਟਾਕਾ ਮਾਰਕਿਟ ਡੇਰਾਬੱਸੀ ਵਿਖੇ 6 ਸਾਲ ਪਹਿਲਾਂ ਮਾਰਕਿਟ 'ਚ ਅਕਸਰ ਹਾਦਸੇ ਵਾਪਰਦੇ ਰਹਿੰਦੇ ਸਨ, ਇਸ ਤੋਂ ਬਾਅਦ ਹੀ ਡੀਸੀ ਵੱਲੋਂ ਪਟਾਕਾ ਮਾਰਕਿਟ ਨੂੰ ਸ਼ਹਿਰ ਦੀ ਭੀੜ-ਭੜੱਕੇ ਤੋਂ ਦੂਰ ਗਰਾਊਂਡ 'ਚ ਸਜਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਹਰ ਦੀਵਾਲੀ ਮੌਕੇ ਇਨਾਂ੍ਹ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕਰਕੇ ਪੂਰੇ ਸ਼ਹਿਰ ਨੂੰ ਖਤਰੇ 'ਚ ਪਾਉਣ ਲਈ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ, ਨਾ ਹੀ ਕੋਈ ਸਿਆਸਤਦਾਨ ਅਤੇ ਨਾ ਹੀ ਕੋਈ ਖਰੀਦਦਾਰ ਆਪਣੀ ਜ਼ਿੰਮੇਵਾਰੀ ਲੈਣ ਲਈ ਅੱਗੇ ਆ ਰਿਹਾ ਹੈ। ਇਹ ਅਣਗਹਿਲੀ ਕਿਉਂ ਅਤੇ ਕਿਵੇਂ ਹੋਈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ, ਇਸ ਦੀ ਕਿਸੇ ਨੂੰ ਪਰਵਾਹ ਨਹੀਂ ਹੈ। ਨਿਯਮਾਂ ਨੂੰ ਤੋੜਨ ਵਾਲੇ ਦੁਕਾਨਦਾਰ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਦਿਖਾ ਕੇ ਟਾਲ-ਮਟੋਲ ਕਰਦੇ ਰਹੇ, ਜਦਕਿ ਵਾਇਰਲ ਵੀਡੀਓ ਕਾਰਨ ਪ੍ਰਸ਼ਾਸਨ ਨੇ ਵੀ ਕਾਰਵਾਈ ਕਰਨ ਤੋਂ ਬਚਦੇ ਨਜ਼ਰ ਆਏ। ਇੱਥੇ ਤੁਹਾਨੂੰ ਦੱਸ ਦੇਈਏ ਕਿ ਡੇਰਾਬੱਸੀ ਤੋਂ ਇਲਾਵਾ ਭਗਤ ਸਿੰਘ ਨਗਰ ਵਿਖੇ ਵੀ ਬੀਤੀ ਰਾਤ ਹਾਦਸੇ ਵਾਪਰੇ ਸਨ। ਦੋ ਹੋਰ ਸਥਾਨਾਂ 'ਤੇ ਗੱਤੇ ਦਾ ਗੋਦਾਮ 'ਚ ਵੀ ਅੱਗ ਲੱਗ ਗਈ ਸੀ। ਜਿਸ ਨੂੰ ਬਾਅਦ 'ਚ ਫ਼ਾਇਰ ਟੀਮ ਨੇ ਪਹੰੁਚ ਕੇ ਅੱਗ 'ਤੇ ਕਾਬੂ ਪਾਇਆ।