ਸਟੇਟ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਹ ਸਮਾਂ ਗਰਜਣ ਦਾ ਨਹੀਂ ਹੈ। ਫੂਲਕਾ ਨੇ ਅੱਗੇ ਲਿਖਿਆ ਹੈ ਕਿ 2018 ਵਿਚ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਜਦੋਂ ਬਹਿਸ ਹੋ ਰਹੀ ਸੀ, ਉਦੋਂ ਤੁਸੀਂ ਝੋਲੀ ਅੱਡ ਕੇ ਇਨਸਾਫ਼ ਦੀ ਮੰਗ ਰੱਖੀ ਸੀ। ਹੁਣ ਝੋਲੀ ਫੈਲਾਉਣ ਦਾ ਨਹੀਂ ਸਗੋਂ ਕੁਝ ਕਰਨ ਦਾ ਸਮਾਂ ਹੈ। ਉਨ੍ਹਾਂ ਲਿਖਿਆ ਹੈ, ‘ਮੈਂ ਉਦੋਂ ਵੀ ਆਖਿਆ ਸੀ ਕਿ ਜਿਹੜੀਆਂ ਤਜਵੀਜ਼ਾਂ ਪਾਸ ਹੋ ਰਹੀਆਂ ਹਨ, ਉਹ ਸਹੀ ਨਹੀਂ ਹਨ। ਢਾਈ ਵਰ੍ਹਿਆਂ ਮਗਰੋਂ ਹੁਣ ਅਸੀਂ ਫੇਰ ਉੱਥੇ ਆ ਕੇ ਖੜ੍ਹੇ ਹੋ ਗਏ ਹਾਂ ਜਦਕਿ ਉਸ ਸਮੇਂ ਤਿੰਨ ਮਹੀਨੇ ਉਡੀਕ ਕਰਨ ਦੀ ਗੱਲ ਕਹੀ ਸੀ।’

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਨੂੰ ਹਾਈ ਕੋਰਟ ਵੱਲੋਂ ਖ਼ਾਰਜ ਕੀਤੇ ਜਾਣ ਮਗਰੋਂ ਉਹ ਦੂਜਾ ਮੌਕਾ ਹੈ, ਜਦੋਂ ਵਿਰੋਧੀ ਧਿਰ ਦੇ ਆਗੂ ਆਹਮੋ ਸਾਹਮਣੇ ਹੋਏ ਹਨ। ਫੂਲਕਾ ਨੇ ਇਕ ਦਿਨ ਪਹਿਲਾਂ ਹੀ ਐੱਸਆਈਟੀ ਦੇ ਮੈਂਬਰਾਂ ਵਿਰੁੱਧ ਵਿਜੀਲੈਂਸ ਕਮਿਸ਼ਨ ਤੋਂ ਜਾਂਚ ਕਰਾਉਣ ਦੀ ਮੰਗ ਰੱਖੀ ਸੀ। ਜਦਕਿ ਇਕ ਦਿਨ ਬਾਅਦ ਹੀ ਫੂਲਕਾ ਨੇ ਸਿੱਧੂ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਸਿੱਧੂ ਨੂੰ ਸ਼ੀਸਾ ਵਿਖਾਉਣ ਤੋਂ ਫੂਲਕਾ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਜਦੋਂ ਮੈਂ ਤਜਵੀਜ਼ ’ਤੇ ਇਤਰਾਜ਼ ਦਰਜ ਕਰਵਾਇਆ ਸੀ ਉਦੋਂ ਤੁਸੀਂ ਕਿਹਾ ਸੀ ਕਿ ਫੂਲਕਾਜੀ ਇੰਨੀ ਕਾਹਲ ਨਾ ਕਰੋ, ਵੇਖਦੇ ਰਹੋ ਸਭ ਕੁਝ ਕਰਾਂਗੇ। ਜਦਕਿ ਇਸ ਗੱਲ ਨੂੰ ਢਾਈ ਵਰ੍ਹੇ ਹੋ ਚੁੱਕੇ ਹਨ। ਇੰਨਾ ਸਮਾਂ ਬੀਤਣ ’ਤੇ ਵੀ ਉਥੇ ਹੀ ਖੜ੍ਹੇ ਹਾਂ, ਜਿੱਥੋਂ ਤੁਰੇ ਸਾਂ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਹੁਣ ਵੀ ਕਾਰਵਾਈ ਨਾ ਹੋਈ ਤਾਂ ਗੁਰੂ ਸਾਹਿਬ ਸਾਨੂੰ ਕਦੇ ਮਾਫ਼ ਨਹੀਂ ਕਰਨਗੇ। ਉਨ੍ਹਾਂ ਲਿਖਿਆ ਕਿ ਸਾਰੇ ਜਾਣਦੇ ਹਨ ਕਿ ਸਿੱਧੂ ਆਪਣੀ ਸਰਕਾਰ ਵਿਰੁੱਧ ਖੜ੍ਹੇ ਹੋਣ ਦੀ ਹਿੰਮਤ ਰੱਖਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਵਿਧਾਨ ਸਭਾ ਦਾ ਖ਼ਾਸ ਇਜਲਾਸ ਰੱਖਣ ਦੀ ਮੰਗ ਕਰਨ ਤੇ ਸਰਕਾਰ ਤੋਂ ਪੁੱਛਣ ਕਿ ਤਿੰਨ ਮਹੀਨਿਆਂ ਵਿਚ ਇਨਸਾਫ਼ ਦੇਣ ਦੀ ਗੱਲ ਹੋਈ ਸੀ ਫੇਰ ਢਾਈ ਵਰ੍ਹੇ ਕਿਵੇਂ ਲੰਘ ਗਏ? ਨਾਲ ਹੀ ਐੱਸਆਈਟੀ ਮੈਂਬਰਾਂ ਵਿਰੁੱਧ ਮੁੱਖ ਵਿਜੀਲੈਂਸ ਕਮਿਸ਼ਨਰ ਤੋਂ ਪੜਤਾਲ ਕਰਵਾਈ ਜਾਵੇ।

Posted By: Seema Anand