ਕਾਂਗਰਸ ਆਪਣਿਆਂ ਨੂੰ ਲੁੱਟ ਰਹੀ ਲੋਕਾਂ ਨੂੰ ਕਿੱਦਾਂ ਬਖ਼ਸ਼ੇਗੀ : ਅਮਨਜੋਤ ਰਾਮੂਵਾਲੀਆ
ਕਾਂਗਰਸ ਆਪਣਿਆਂ ਨੂੰ ਲੁੱਟ ਰਹੀ ਲੋਕਾਂ ਨੂੰ ਕਿੱਦਾਂ ਬਖ਼ਸ਼ੇਗੀ : ਅਮਨਜੋਤ ਰਾਮੂਵਾਲੀਆ
Publish Date: Tue, 09 Dec 2025 08:04 PM (IST)
Updated Date: Tue, 09 Dec 2025 08:06 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਬੀਤੇ ਦਿਨੀਂ ਡਾ. ਨਵਜੋਤ ਕੌਰ ਸਿੱਧੂ ਵੱਲੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਲਈ ਕਾਂਗਰਸ ਹਾਈਕਮਾਂਡ ਨੂੰ ਪੇਸ਼ ਕੀਤੇ ਜਾਂਦੇ 500 ਕਰੋੜ ਰੁਪਏ ਦੇ ਬਿਆਨ ’ਤੇ ਮੰਗਲਵਾਰ ਨੂੰ ਇੱਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤੰਜ ਕੱਸਦਿਆਂ ਕਿਹਾ ਕਿ ਉਹ ਕਿ ਦੱਸਣ ਕਿ ਉਨ੍ਹਾਂ ਨੇ ਉਕਤ ਅਹੁਦੇ ਸਬੰਧੀ ਕਿੰਨੇ ਸੂਟਕੇਸ ਕਾਂਗਰਸ ਨੂੰ ਸੌਂਪੇ ਸਨ। ਬੀਬਾ ਅਮਨਜੋਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਬਿਰਾਜਮਾਨ ਹੋਣ ਲਈ ਕਾਂਗਰਸ ਵੱਲੋਂ ਕਿੰਨ੍ਹੀ ਕੁ ਰਕਮ ਦੀ ਸੌਦੇਬਾਜ਼ੀ ਕੀਤੀ ਜਾਂਦੀ ਹੈ, ਇਸ ਸਬੰਧੀ ਸੂਬਾ ਵਾਸੀ ਕਾਂਗਰਸ ਪਾਸੋਂ ਜਵਾਬ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣਿਆਂ ਨੂੰ ਲੁੱਟ ਰਹੀ, ਲੋਕਾਂ ਨੂੰ ਕਿੱਦਾਂ ਬਖ਼ਸ਼ੇਗੀ। ਅਮਨਜੋਤ ਕੌਰ ਨੇ ਕਿਹਾ ਕਿ ਸੂਬਾ ਪੰਜਾਬ ਦੇ ਲੋਕ ਜੋ ਕਿ ਨੇਕ ਦਿਨ, ਮਿਹਨਤਕਸ਼ ਅਤੇ ਮਿਲਵਰਤਣ ਸੁਭਾਅ ਵਜੋਂ ਜਾਣੇ ਜਾਂਦੇ ਹਨ, ਦੇ ਮਨਾਂ ਨੂੰ ਇਸ ਸਬੰਧੀ ਬਹੁਤ ਠੇਸ ਪੁੱਜੀ ਕਿ ਉਨ੍ਹਾਂ ਦੀਆਂ ਵੋਟਾਂ ਦਾ ਗ਼ਲਤ ਇਸਤੇਮਾਲ ਕਰਕੇ ਮੁੱਖ ਮੰਤਰੀ ਦੇ ਕੁਰਸੀ ਸਬੰਧੀ ਕਾਂਗਰਸ ਵੱਲੋਂ 500 ਕਰੋੜ ਰੁਪਏ ਦੀ ਅਤਿ-ਨਿੰਦਣਯੋਗ ਅਤੇ ਘਟੀਆ ਪੱਧਰ ਦੀ ਰਵਾਇਤ ਚਲਾਈ ਜਾ ਰਹੀ ਹੈ, ਜੋ ਭੋਲੀਭਾਲੀ ਜਨਤਾ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਾਂਗਰਸ ਹਾਈਕਮਾਂਡ ਦੇ ਨਾਲ-ਨਾਲ ਚੰਨੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਦੱਸਣ ਕਿ ਹੁਣ ਤੱਕ ਉਕਤ ਅਹੁਦੇ ਤੋਂ ਇਲਾਵਾ ਹੋਰਨਾਂ ਕਿਸ-ਕਿਸ ਅਹੁਦੇਦਾਰ ਲਈ ਕਿੰਨੀ-ਕਿੰਨੀ ਕੁ ਸੌਦੇਬਾਜ਼ੀ ਕਰਕੇ ਖ਼ਰੀਦੋ-ਫ਼ਰੋਖਤ ਦੀ ਦੁਕਾਨਦਾਰੀ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਅਗਾਂਹ ਭਵਿੱਖ ’ਚ ਭਾਵੇਂ ਕਿ ਕਾਂਗਰਸ ਦੀ ਸਰਕਾਰ ਪੰਜਾਬ ’ਚ ਬਣਨ ਦੀ ਕੋਈ ਸੰਭਾਵਨਾ ਨਹੀਂ ਪਰ ਫਿਰ ਵੀ ਉਹ ਹੋਰ ਕਿਹੜੇ 5 ਆਗੂ ਹਨ, ਜੋ ਮੁੱਖ ਮੰਤਰੀ ਦੀ ਕੁਰਸੀ ਲਈ ਸੂਟਕੇਸ ਦੇਣ ਲਈ ਕਤਾਰ ’ਚ ਲੱਗੇ ਹੋਏ ਹਨ, ਉਨ੍ਹਾਂ ਦੇ ਨਾਮ ਜਨਤਕ ਕਰਨ। ਅਮਨਜੋਤ ਕੌਰ ਰਾਮੂਵਾਲੀਆ ਨੇ ਕਾਂਗਰਸ ਦੇ ਕੇਂਦਰੀ ਆਗੂਆਂ ਨੂੰ ਸਵਾਲ ਕਰਦਿਆਂ ਕਿਹਾ ਜੋ ਆਪਣਿਆਂ ਦੀਆਂ ਜੇਬਾਂ ਕੱਟ ਰਹੇ ਹਨ, ਅਜਿਹੇ ਲੀਡਰ ਸਰਕਾਰ ਚਲਾਉਣਗੇ ਤਾਂ ਘੁਟਾਲਿਆਂ ਦੇ ਚੈਪੀਅਨ ਹੀ ਬਣਨਗੇ, ਜਿਸ ਤਰ੍ਹਾਂ 2014 ਤੋਂ ਪਹਿਲਾਂ ਕਾਂਗਰਸ ਰਾਜ ’ਚ ਹੋਇਆ।