ਨਵੀਂ ਦਿੱਲੀ/ਚੰਡੀਗੜ੍ਹ (ਆਈਏਐੱਨਐੱਸ) : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਧਰਮ ਦੀ ਧੀ ਹਨੀਪ੍ਰੀਤ ਆਪਣੇ 'ਪਿਤਾ' ਨੂੰ ਮਿਲਣ ਲਈ ਬੇਕਰਾਰ ਹੈ। ਸੂਤਰਾਂ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਉਸ ਨੇ ਸਿਰਫ਼ ਦੋ ਦਿਨਾਂ 'ਚ ਘੱਟੋ-ਘੱਟ ਤਿੰਨ-ਚਾਰ ਵਾਰ ਇਸ ਲਈ ਯਤਨ ਕੀਤੇ। ਹਨੀਪ੍ਰੀਤ ਦੇ ਵਕੀਲ ਤੇ ਸੁਪਰੀਮ ਕੋਰਟ ਦੇ ਵਕੀਲ ਏਪੀ ਸਿੰਘ ਨੇ ਮੰਗਲਵਾਰ ਨੂੰ ਆਈਏਐੱਨਐੱਸ ਨੂੰ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ, 'ਹਨੀਪ੍ਰੀਤ ਜੇਲ੍ਹ ਤੋਂ ਬਾਹਰ ਹੈ। ਹੁਣ ਉਸ 'ਤੇ ਜੇਲ੍ਹ ਅੰਦਰ ਕਿਸੇ ਨੂੰ ਵੀ ਮਿਲਣ 'ਤੇ ਰੋਕ ਨਹੀਂ ਲਾਉਣੀ ਚਾਹੀਦੀ। ਜੇਲ੍ਹ ਪ੍ਰਸ਼ਾਸਨ ਵੱਲੋਂ ਰਾਮ ਰਹੀਮ ਨੂੰ ਮਿਲਣਾ ਮਨ੍ਹਾਂ ਹੈ। ਹਨੀਪ੍ਰੀਤ ਦਾ ਕਹਿਣਾ ਹੈ ਕਿ ਉਹ ਉਸ ਦੇ ਮੌਲਿਕ ਅਧਿਕਾਰਾਂ ਲਈ ਹਰ ਸੰਭਵ ਯਤਨ ਕਰੇਗੀ। ਉਹ ਅਦਾਲਤ ਵੀ ਜਾ ਸਕਦੀ ਹੈ।'

ਪਿਤਾ ਨੂੰ ਮਿਲਣ ਦੇ ਕਈ ਯਤਨ ਕੀਤੇ

ਹਨੀਪ੍ਰੀਤ ਦਾ ਨਾਂ ਅਗਸਤ 2017 'ਚ ਡੇਰਾ ਮੁਖੀ ਦੀ ਸਜ਼ਾ ਤੋਂ ਬਾਅਦ ਪੰਚਕੂਲਾ 'ਚ ਹਿੰਸਾ ਭੜਕਾਉਣ ਦੀ ਸਾਜ਼ਿਸ਼ ਘੜਨ ਦੇ ਦੋਸ਼ 'ਚ ਆਇਆ ਸੀ। ਉਹ ਆਖ਼ਰੀ ਵਾਰ ਰਾਮ ਰਹੀਮ ਨੂੰ ਉਸੇ ਦਿਨ ਮਿਲੀ ਸੀ ਜਦੋਂ ਦੋਵੇਂ ਅਦਾਲਤ ਤੋਂ ਹੈਲੀਕਾਪਟਰ ਰਾਹੀਂ ਭੇਜੇ ਗਏ ਸਨ। ਹਨੀਪ੍ਰੀਤ ਦਾ ਮੂਲ ਨਾਂ ਪ੍ਰਿਅੰਕਾ ਤਨੇਜਾ ਹੈ, ਉਸ ਨੂੰ ਪੰਚਕੂਲਾ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ 6 ਨਵੰਬਰ ਨੂੰ ਅੰਬਾਲਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਪਹੁੰਚੀ ਤੇ ਉਦੋਂ ਤੋਂ ਉਸ ਨੇ ਆਪਣੇ 'ਪਿਤਾ' ਨੂੰ ਮਿਲਣ ਦੇ ਕਈ ਯਤਨ ਕੀਤੇ। ਹਨੀਪ੍ਰੀਤ ਦੇ ਕਰੀਬੀ ਸੂਤਰ ਨੇ ਕਿਹਾ, ਉਸ ਨੇ ਸ਼ੁੱਕਰਵਾਰ ਤੇ ਸੋਮਵਾਰ ਨੂੰ ਰੋਹਤਕ ਜੇਲ੍ਹ 'ਚ ਰਾਮ ਰਹੀਮ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ।

ਹਨੀਪ੍ਰੀਤ ਦਾ ਪੱਤਰ ਮਿਲਣ ਦੀ ਪੁਸ਼ਟੀ ਨਹੀਂ ਕੀਤੀ

ਹੁਣ ਉਸ ਨੇ ਹਰਿਆਣਾ ਦੇ ਡੀਜੀਪੀ ਨੂੰ ਜੇਲ੍ਹ 'ਚ ਬੰਦ ਰਾਮ ਰਹੀਮ ਨੂੰ ਮਿਲਣ ਦੀ ਇਜਾਜ਼ਤ ਦੇਣ ਸਬੰਧੀ ਲਿਖਿਆ ਹੈ। ਹਾਲਾਂਕਿ ਡਾਇਰੈਕਟਰ ਜਨਰਲ ਦੇ ਦਫ਼ਤਰ ਨੇ ਹਨੀਪ੍ਰੀਤ ਦੇ ਪੱਤਰ ਨੂੰ ਪ੍ਰਾਪਤ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ। ਉਸ ਦੇ ਵਕੀਲ ਸਿੰਘ ਨੇ ਕਿਹਾ, 'ਹਾਂ, ਉਸ ਨੇ ਡਾਇਰੈਕਟਰ ਜਨਰਲ ਨੂੰ ਇਕ ਪੱਤਰ ਲਿਖਿਆ ਹੈ। ਉਸ ਨੇ ਇਹ ਜਾਣਨ ਦੀ ਮੰਗ ਕੀਤੀ ਹੈ ਕਿ ਉਸ ਨੂੰ ਰਾਮ ਰਹੀਮ ਨੂੰ ਮਿਲਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ। ਆਖ਼ਿਰ ਇਸ ਦੇ ਪਿੱਛੇ ਕੀ ਵਜ੍ਹਾ ਹੈ। ਜੇਕਰ ਕੋਈ ਢੁਕਵਾਂ ਕਾਰਨ ਨਹੀਂ ਹੋਇਆ ਤਾਂ ਉਹ ਅਦਾਲਤ ਦਾ ਰੁਖ਼ ਕਰ ਸਕਦੀ ਹੈ।'

Posted By: Seema Anand