ਸਟਾਫ ਰਿਪੋਰਟਰ, ਪੰਚਕੂਲਾ/ਰੋਹਤਕ/ਚੰਡੀਗੜ੍ਹ : ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਤੇ ਉਸ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਮੁਲਾਕਾਤ ਨੂੰ ਲੈ ਕੇ ਸਿਰਸਾ ਪੁਲਿਸ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਜਿਹੜੀ ਰਿਪੋਰਟ ਦਿੱਤੀ ਗਈ ਹੈ, ਉਸ ਨੂੰ ਦੁਬਾਰਾ ਜਾਂਚਣ ਲਈ ਕਿਹਾ ਗਿਆ ਹੈ। ਜੇਕਰ ਉਸ 'ਚ ਕੋਈ ਕਾਨੂੰਨੀ ਰੁਕਾਵਟ ਨਹੀਂ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ। ਹਨੀਪ੍ਰੀਤ ਦੇ ਵਾਰ-ਵਾਰ ਪਟੀਸ਼ਨ ਲਗਾਉਣ ਤੇ ਉਸ ਨੂੰ ਰੋਕਣ ਦੇ ਸਵਾਲ 'ਤੇ ਗ੍ਰਹਿ ਮੰਤਰੀ ਨੇ ਹੱਸਦੇ ਹੋਏ ਕਿਹਾ ਕਿ ਦੇਖੋ, ਹੁਣ ਅਨਿਲ ਵਿਜ ਆ ਗਿਆ ਹੈ ਤੇ ਹੁਣ ਸਾਰਾ ਕੁਝ ਠੀਕ ਹੋਵੇਗਾ। ਅਸੀਂ ਪੁਰਾਣੇ ਰਿਕਾਰਡ ਨੂੰ ਰੀਵਿਊ ਕਰਨ ਲਈ ਕਿਹਾ ਹੈ ਤੇ ਜਿਵੇਂ ਹੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ 'ਚ ਦੋਸ਼ੀ ਠਹਿਰਾਉਣ ਤੋਂ ਬਾਅਦ ਪੰਚਕੂਲਾ 'ਚ ਹੋਈ ਹਿੰਸਾ ਮਾਮਲੇ 'ਚ ਹਨੀਪ੍ਰੀਤ ਜੇਲ੍ਹ 'ਚ ਬੰਦ ਸੀ। ਕੁਝ ਦਿਨ ਪਹਿਲਾਂ ਹੀ ਹਨੀਪ੍ਰੀਤ 'ਤੇ ਚੱਲ ਰਹੇ ਕੇਸ 'ਚ ਦੇਸ਼ਧ੍ਰੋਹ ਦੀ ਧਾਰਾ ਹਟਣ ਤੋਂ ਬਾਅਦ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਹਨੀਪ੍ਰੀਤ ਨੇ ਡੇਰਾ ਮੁਖੀ ਗੁਰਮੀਤ ਸਿੰਘ ਨੂੰ ਮਿਲਣ ਦੀ ਪਟੀਸ਼ਨ ਲਗਾਈ ਸੀ, ਜਿਸਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ। ਵਿਜ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਰਹੀਆਂ ਹਨ, ਕਿਉਂਕਿ ਵਿਜ ਨੇ ਕਿਹਾ ਸੀ ਕਿ ਅਸੀਂ ਕਿਸੇ ਨੂੰ ਕਿਸੇ ਨਾਲ ਮਿਲਣ ਤੋਂ ਨਹੀਂ ਰੋਕ ਸਕਦੇ। ਸਿਰਸਾ ਪੁਲਿਸ ਦੀ ਰਿਪੋਰਟ ਦੋ-ਤਿੰਨ ਦਿਨਾਂ 'ਚ ਆ ਜਾਵੇਗੀ।

ਸਿਰਸਾ ਪੁਲਿਸ ਨੇ ਪ੍ਰਗਟਾਈ ਸੀ ਕਾਨੂੰਨ ਵਿਵਸਥਾ ਵਿਗੜਨ ਦੀ ਸੰਭਾਵਨਾ

ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵਲੋਂ ਡੇਰਾ ਮੁਖੀ ਤੇ ਹਨੀਪ੍ਰੀਤ ਦੀ ਮੁਲਾਕਾਤ ਦੇ ਮਾਮਲੇ 'ਤੇ ਸਿਰਸਾ ਪੁਲਿਸ ਤੋਂ ਰਿਪੋਰਟ ਮੰਗੀ ਗਈ ਸੀ। ਰਿਪੋਰਟ 'ਚ ਸਿਰਸਾ ਪੁਲਿਸ ਨੇ ਕਾਨੂੰਨ ਵਿਵਸਥਾ ਵਿਗੜਨ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਹਾਲਾਂਕਿ ਗੁਰਮੀਤ ਨਾਲ ਜੇਲ੍ਹ 'ਚ ਮੁਲਾਕਾਤੀਆਂ ਦੀ ਸੂਚੀ 'ਚ ਹਨੀਪ੍ਰੀਤ ਦਾ ਵੀ ਨਾਂ ਸ਼ਾਮਲ ਹੈ।

Posted By: Seema Anand