ਵਿਸ਼ਾਲ ਪਾਠਕ, ਚੰਡੀਗਡ਼੍ਹ : ਸਿਟੀ ਬਿਊਟੀਫੁੱਲ ਚੰਡੀਗਡ਼੍ਹ ਲਈ ਕਾਫ਼ੀ ਖ਼ਤਰਨਾਕ ਖੁਲਾਸਾ ਹੋਇਆ ਹੈ। ਸ਼ਹਿਰ 'ਚ ਟੀਬੀ ਮਰੀਜ਼ਾਂ ਦੀ ਵਧਦੀ ਗਿਣਤੀ ਨੇ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਪੂਰੇ ਦੇਸ਼ ਵਿਚ ਟੀਬੀ ਦੇ ਸਭ ਤੋਂ ਵੱਧ ਮਰੀਜ਼ ਚੰਡੀਗਡ਼੍ਹ 'ਚ ਦਰਜ ਕੀਤੇ ਗਏ ਹਨ। ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਮੁਤਾਬਿਕ ਪੂਰੀ ਦੁਨੀਆ 'ਚ ਭਾਰਤ 'ਚ ਟੀਬੀ ਦੇ ਸਭ ਤੋਂ ਜ਼ਿਆਦਾ ਮਰੀਜ਼ ਰਿਪੋਰਟ ਕੀਤੇ ਗਏ ਹਨ।

ਡਬਲਯੂਐੱਚਓ ਦੀ ਰਿਪੋਰਟ ਮੁਤਾਬਿਕ ਭਾਰਤ 'ਚ ਟੀਬੀ ਦੇ 26.90 ਲੱਖ ਮਰੀਜ਼ ਹਨ ਜਦਕਿ ਚੰਡੀਗਡ਼੍ਹ 'ਚ ਇਕ ਲੱਖ ਲੋਕਾਂ ਪਿੱਛੇ 606 ਟੀਬੀ ਦੇ ਮਰੀਜ਼ ਹਨ। ਟੀਬੀ ਦੇ ਵਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਸਿਹਤ ਮੰਤਰਾਲੇ ਵੱਲੋਂ ਟੀਬੀ ਮੁਕਤ ਭਾਰਤ ਦੀ ਮੁਹਿੰਮ ਵਿੱਢੀਗਈ ਹੈ। ਇਸ ਮੁਹਿੰਮ ਤਹਿਤ ਹੁਣ ਚੰਡੀਗਡ਼੍ਹ ਸਿਹਤ ਵਿਭਾਗ ਵੱਲੋਂ ਟੀਬੀ ਦੀ ਮੁਫ਼ਤ ਜਾਂਚ ਤੇ ਉਸ ਦੇ ਇਲਾਜ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਚੰਡੀਗਡ਼੍ਹ ਤੋਂ ਬਾਅਦ ਦਿੱਲੀ ਤੇ ਪੁੱਡੂਚੇਰੀ 'ਚ ਟੀਬੀ ਦੇ ਸਭ ਤੋਂ ਵੱਧ ਮਰੀਜ਼

ਡਬਲਯੂਐੱਚਓ ਦੀ ਰਿਪੋਰਟ ਮੁਤਾਬਿਕ ਚੰਡੀਗਡ਼੍ਹ ਤੋਂ ਬਾਅਦ ਟੀਬੀ ਦੇ ਸਭ ਤੋਂ ਜ਼ਿਆਦਾ ਮਰੀਜ਼ ਦਿੱਲੀ ਤੇ ਪੁੱਡੂਚੇਰੀ 'ਚ ਦਰਜ ਕੀਤੇ ਗਏ ਹਨ। ਦਿੱਲੀ 'ਚ ਇਕ ਲੱਖ ਲੋਕਾਂ ਪਿੱਛੇ 575 ਤੇ ਪੁੱਡੂਚੇਰੀ 'ਚ ਇਕ ਲੱਖ ਲੋਕਾਂ ਪਿੱਛੇ 314 ਲੋਕ ਟੀਬੀ ਦੇ ਮਰੀਜ਼ ਪਾਏ ਗਏ ਹਨ ਜਦੋਂਕਿ ਪੂਰੇ ਦੇਸ਼ ਵਿਚ ਔਸਤ ਦੀ ਗੱਲ ਕਰੀਏ ਤਾਂ ਇਕ ਲੱਖ ਲੋਕਾਂ ਪਿੱਛੇ ਦੇਸ਼ 'ਚ 177 ਲੋਕ ਟੀਬੀ ਦੇ ਮਰੀਜ਼ ਹਨ।

ਹਰਿਆਣਾ, ਪੰਜਾਬ ਤੇ ਹਿਮਾਚਲ 'ਚ ਵੀ ਵਧ ਰਿਹਾ ਖ਼ਤਰਾ

ਰਿਪੋਰਟ ਮੁਤਾਬਿਕ ਹਰਿਆਣਾ 'ਚ ਇਕ ਲੱਖ ਲੋਕਾਂ ਪਿੱਛੇ 255 ਲੋਕ ਟੀਬੀ ਦੇ ਮਰੀਜ਼ ਹਨ ਜਦਕਿ ਹਿਮਾਚਲ ਇਕ ਲੱਖ ਲੋਕਾਂ 'ਤੇ 235 ਤੇ ਪੰਜਾਬ 'ਚ 196 ਲੋਕ ਟੀਬੀ ਦੇ ਮਰੀਜ਼ ਹਨ। ਟੀਬੀ ਦੀ ਵਧਦੀ ਸਮੱਸਿਆ ਨੂੰ ਦੇਖਦੇ ਹੋਏ ਹੁਣ ਹਰਿਆਣਾ, ਪੰਜਾਬ ਤੇ ਹਿਮਾਚਲ ਸਰਕਾਰ ਨੇ ਜ਼ਿਲ੍ਹਾ ਹਸਪਤਾਲ ਤੇ ਡਿਸਪੈਂਸਰੀ ਲੈਵਲ 'ਤੇ ਮੁਫ਼ਤ ਜਾਂਚ ਤੇ ਇਲਾਜ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਵੱਲੋਂ ਟੀਬੀ ਦੇ ਮਰੀਜ਼ਾਂ ਨੂੰ ਆਰਥਿਕ ਮਦਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹ ਇਸ ਆਰਥਿਕ ਮਦਦ ਨਾਲ ਆਪਣੇ ਲਈ ਪੌਸ਼ਟਿਕ ਖ਼ੁਰਾਕ ਦੀ ਵਿਵਸਥਾ ਕਰ ਸਕਣ।

Posted By: Seema Anand