ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਟਰਾਂਸਪੋਰਟ ਮੰਤਰੀ ਨੇ ਲੋਕਾਂ ਨੂੰ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਦੋ ਮਹੀਨਿਆਂ ਦੀ ਹੋਰ ਮੋਹਲਤ ਦੇ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਐੱਚਐੱਸਆਰਪੀ (ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ) ਲਗਾਉਣ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਗਾਉਣ ਵਾਲੇ ਕੇਂਦਰਾਂ ਦੀ ਗਿਣਤੀ 22 ਤੋਂ ਵਧਾ ਕੇ 82 ਕਰ ਦਿੱਤੀ ਹੈ ਅਤੇ ਇਹ ਪ੍ਰਕਿਰਿਆ ਅਗਲੇ ਦੋ ਮਹੀਨਿਆਂ ਤੱਕ ਜਾਰੀ ਰਹੇਗੀ।

ਮੰਤਰੀ ਨੇ ਕਿਹਾ ਕਿ ਕੋਵਿਡ-19 ਨਾਲ ਪੈਦਾ ਹੋਈ ਸਥਿਤੀ ਦੇ ਬਾਵਜੂਦ, 5 ਲੱਖ ਤੋਂ ਵੱਧ ਵਾਹਨ ਮਾਲਕਾਂ ਨੇ ਪਲੇਟਾਂ ਲਗਾਉਣ ਲਈ ਅਰਜ਼ੀ ਦਿੱਤੀ ਹੈ ਅਤੇ ਲਗਪਗ 4.25 ਲੱਖ ਵਾਹਨਾਂ 'ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਆਨਲਾਈਨ ਬੁਕਿੰਗ ਪ੍ਰਣਾਲੀ ਅਤੇ ਘਰਾਂ ਵਿਚ ਹੀ ਨੰਬਰ ਪਲੇਟਾਂ ਲਗਾਉਣ ਦੀ ਸਹੂਲਤ ਨਾਲ ਸੰਭਵ ਹੋਇਆ ਹੈ।

Posted By: Jagjit Singh