ਜੇਐੱਨਐੱਨ, ਚੰਡੀਗੜ੍ਹ : ਮੋਹਾਲੀ 'ਚ ਡਰੱਗ ਮਾਫੀਆ ਦਾ ਸ਼ਿਕਾਰ ਬਣੀ ਮਹਿਲਾ ਡਰੱਗ ਅਧਿਕਾਰੀ ਨੇਹਾ ਸ਼ੌਰੀ ਦੀ ਹੱਤਿਆ ਦੀ ਜਾਂਚ 'ਚ ਵਰਤੀ ਗਈ ਲਾਪ੍ਰਵਾਹੀ ਖ਼ਿਲਾਫ਼ ਉਸ ਦੇ ਪਿਤਾ ਕੈਪਟਨ ਕੈਲਾਸ਼ ਕੁਮਾਰ ਸ਼ੌਰੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

ਨੇਹਾ ਦੇ ਮਾਪਿਆਂ ਨੇ ਪੰਜਾਬ ਪੁਲਿਸ 'ਤੇ ਜਾਂਚ ਨੂੰ ਦਬਾਉਣ ਤੇ ਸਬੂਤਾਂ ਨੂੰ ਖਤਮ ਕਰਨ ਦੇ ਦੋਸ਼ ਲਾਏ ਹਨ। ਜਸਟਿਸ ਹਰਨਰੇਸ਼ ਸਿੰਘ ਗਿੱਲ ਨੇ ਪੰਜਾਬ ਸਰਕਾਰ ਕੋੋਲੋਂ ਇਸ ਮਾਮਲੇ 'ਤੇ 20 ਦਸੰਬਰ ਨੂੰ ਸਟੇਟਸ ਰਿਪੋਰਟ ਤਲਬ ਕਰ ਲਈ ਹੈ।

ਐਡਵੋਕੇਟ ਬੀਡੀ ਸ਼ਰਮਾ ਰਾਹੀਂ ਦਾਇਰ ਪਟੀਸ਼ਨ ਦਾਇਰ ਕਰਨ ਵਾਲੇ ਕੈਪਟਨ ਕੈਲਾਸ਼ ਨੇ ਕਿਹਾ ਕਿ ਉਸ ਦੀ ਧੀ ਸੂਬੇ 'ਚ ਨਸ਼ਿਆਂ ਦੇ ਪ੍ਰਸਾਰ ਖ਼ਿਲਾਫ਼ ਕੰਮ ਕਰ ਰਹੀ ਸੀ।

ਇਸ ਲਈ ਉਸ ਨੂੰ ਡਰੱਗ ਮਾਫੀਆ ਨੇ ਰਸਤੇ 'ਚੋਂ ਹਟਾਉਣ ਲਈ ਹੱਤਿਆ ਕਰ ਦਿੱਤੀ। ਪਟੀਸ਼ਨਕਰਤਾ ਨੇ ਕਿਹਾ ਕਿ ਨੇਹਾ ਦੀ ਹੱਤਿਆ ਤੋਂ ਬਾਅਦ ਜਾਂਚ ਏਜੰਸੀ ਨੇ ਉਨ੍ਹਾਂ ਦਾ ਲੈਪਟਾਪ ਤੇ ਆਈਫੋਨ ਵੀ ਕਬਜ਼ੇ 'ਚ ਲੈ ਲਿਆ ਸੀ ਤੇ ਉਨ੍ਹਾਂ ਦੇ ਪਰਿਵਾਰ ਨੇ ਉਪਕਰਣਾਂ ਦੇ ਪਾਸਵਰਡ ਪੁਲਿਸ ਨੂੰ ਉਪਲਬਧ ਕਰਵਾਏ ਪਰ ਅਜੇ ਤਕ ਉਨ੍ਹਾਂ ਨੂੰ ਜਾਂਚ ਸਬੰਧੀ ਕੁਝ ਨਹੀਂ ਦੱਸਿਆ ਗਿਆ।