ਜੈ ਸਿੰਘ ਛਿੱਬਰ, ਚੰਡੀਗੜ੍ਹ : ਜੇਲ੍ਹਾਂ ’ਚ ਹੁਣ ਹੈਲੋ-ਹੈਲੋ ਬੰਦ ਹੋ ਜਾਵੇਗੀ। ਮੋਬਾਈਲ ਦੀਆਂ ਵੱਜਦੀਆਂ ਘੰਟੀਆਂ ਤੇ ਮੋਬਾਈਲ ਦੀ ਰੇਂਜ ਰੋਕਣ ਲਈ ਸੂਬਾ ਸਰਕਾਰ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਅਤੇ ਕਪੂਰਥਲਾ ਵਿਚ ਅਤਿ ਆਧੁਨਿਕ ਤਕਨੀਕ ਨਾਲ ਪਾਇਲਟ ਪ੍ਰਾਜੈਕਟ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵਾਂ ਜੇਲ੍ਹਾਂ ਵਿਚ ਅਲੱਗ-ਅਲੱਗ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਰੂਪਨਗਰ ਜੇਲ੍ਹ ਵਿਚ ਇਕ ਹੋਰ ਤਕਨੀਕ ਨਾਲ ਪ੍ਰਾਜੈਕਟ ਲਗਾਇਆ ਜਾਵੇਗਾ। ਇਹਨਾਂ ਤਿੰਨਾਂ ਤਕਨੀਕਾਂ ਵਿਚੋਂ ਜਿਹੜੀ ਤਕਨੀਕ ਸੱਭਤੋਂ ਵੱਧ ਕਾਰਗਰ ਸਾਬਿਤ ਹੋਈ ਉਹ ਸੂਬੇ ਦੀਆਂ ਬਾਕੀ ਜੇਲ੍ਹਾਂ ਵਿਚ ਵਰਤੀ ਜਾਵੇਗੀ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੰਮ੍ਰਿਤਸਰ ਅਤੇ ਕਪੂਰਥਲਾ ਜੇਲ੍ਹ ਵਿਚ ਮੋਬਾਈਲ ਦੀ ਵਰਤੋਂ ਰੋਕਣ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ।

Posted By: Jagjit Singh