* ਪੁਲਿਸ ਨੇ ਦੋਵਾਂ ਖ਼ਿਲਾਫ਼ ਬੀਮਾਰੀ ਫ਼ੈਲਾਉਣ ਦਾ ਕੀਤਾ ਮਾਮਲਾ ਦਰਜ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਡੇਰਾਬੱਸੀ 'ਚ ਕੋਰੋਨਾ ਪਾਜ਼ੇਟਿਵ ਲਿੰਕ ਨਾਲ ਜੁੜੇ ਘਰਾਂ 'ਚ ਕੁਆਰੰਟਾਇਨ ਕੀਤੇ ਦੋ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਘਰਾਂ 'ਚ ਮੌਜੂਦ ਨਾ ਰਹਿਣ 'ਤੇ ਲੋਕ ਸੇਵਕ ਦੇ ਹੁਕਮਾਂ ਅਤੇ ਘਾਤਕ ਬੀਮਾਰੀ ਫ਼ੈਲਾਉਣ ਦੇ ਦੋਸ਼ਾਂ ਤਹਿਤ ਆਈਪੀਸੀ ਦੀ ਧਾਰਾ 188, 269 ਅਤੇ 270 ਤਹਿਤ ਮਾਮਲਾ ਦਰਜ਼ ਕੀਤਾ ਹੈ। ਦੋਸ਼ੀਆਂ 'ਚ ਸ੍ਰੀ ਰਾਮ ਵਾਸੀ ਬੇਲਾ ਹੋਮ ਮੁਬਾਰਕਪੁਰ ਅਤੇ ਕੁਲਵੰਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਭਾਂਖਰਪੁਰ ਦੇ ਨਾਂਅ ਸ਼ਾਮਿਲ ਹਨ।

ਜਾਣਕਾਰੀ ਦਿੰਦਿਆ ਮੁਬਾਰਕਪੁਰ ਪੁਲਿਸ ਚੌਂਕੀ ਇੰਚਾਰਜ ਨਰਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਭੇਜੀ ਐੱਸਡੀਐੱਮ ਨੂੰ ਸ਼ਿਕਾਇਤ ਮਗਰੋਂ ਮਿਲੇ ਨਿਰਦੇਸ਼ਾ ਤਹਿਤ ਉਕਤ ਕਾਰਵਾਈ ਕੀਤੀ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਅਹਿਤਿਆਤ ਦੇ ਤੌਰ 14 ਦਿਨਾਂ ਲਈ ਹੋਮ ਕੁਆਰੰਟਾਇਨ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਇਨ੍ਹਾਂ ਦੇ ਘਰਾਂ 'ਤੇ ਨਿਗਰਾਨੀ ਰੱਖੀ ਜਾਂਦੀ ਹੈ। ਘਰਾਂ ਵਿਚ ਜਾ ਕੇ ਅਚਨਚੇਤ ਕੁਆਰੰਟਾਇਨ ਕੀਤੇ ਮੈਂਬਰਾਂ ਦੀ ਗਿਣÎਤੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੇਲਾ ਹੋਮ ਅਤੇ ਭਾਂਖਰਪੁਰ ਦੇ ਹੋਮ ਕੁਆਰੰਟਾਇਨ ਕੀਤੇ ਘਰਾਂ ਵਿਚ ਸਿਹਤ ਟੀਮ ਨੇ ਚੈਕਿੰਗ ਕੀਤੀ ਤਾਂ ਉਕਤ ਵਿਅਕਤੀ ਘਰਾਂ ਵਿਚ ਮੌਜੂਦ ਨਹੀਂ ਸਨ। ਜਿਸ ਦੀ ਸ਼ਿਕਾਇਤ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਦਿੱਤੀ ਸੀ। ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੈ। ਡਾ.ਸੰਗੀਤਾ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜਿਕ ਦੂਰੀ, ਮੂੰਹ 'ਤੇ ਮਾਸਕ ਪਾਉਣ ਅਤੇ ਵਾਰ ਵਾਰ ਹੱਥ ਧੌਣ ਲਈ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਇਸ ਵਿਚ ਹੀ ਸਾਡੇ ਦੇਸ਼ ਤੇ ਸਭਨਾਂ ਦੀ ਭਲਾਈ ਹੈ।