ਇੰਦਰਪ੍ਰੀਤ ਸਿੰਘ, ਚੰਡੀਗੜ੍ਹ: ਪੰਜ ਜਨਵਰੀ 200 ਨੂੰ ਫ਼ਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਸੰਨ੍ਹ ਕਾਰਨ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਅੱਧ ਵਿਚਕਾਰ ਲਟਕ ਗਿਆ ਸੀ। ਇਸ ਸੈਂਟਰ ਦਾ ਨੀਂਹ ਪੱਥਰ ਫਿਰ ਤੋਂ ਰਖਵਾਉਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਮਿਲਣਗੇ। ਦਰਅਸਲ, ਇਸ ਗੱਲ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੀਜੀਆਈ ਦੇ ਸੈਟੇਲਾਈਟ ਸੈਂਟਰ ਨੂੰ ਫ਼ਿਰੋਜ਼ਪੁਰ ਤੋਂ ਸ਼ਿਫਟ ਕਿਤੇ ਹੋਰ ਕੀਤਾ ਜਾ ਰਿਹਾ ਹੈ। ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਿਛਲੇ ਦਿਨੀਂ ਇਸ ਸੈਂਟਰ ਨੂੰ ਸ਼ੁਰੂ ਕਰਨ ਲਈ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਮਿਲੇ ਸਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਪ੍ਰਧਾਨ ਮੰਤਰੀ ਆਪਣਾ ਪੰਜਾਬ ਦੌਰਾ ਵਿਚਕਾਰ ਛੱਡ ਕੇ ਚਲੇ ਗਏ ਸਨ ਅਤੇ ਮੌਕੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਤੋਂ ਨਾਰਾਜ਼ ਸਨ। ਉਨ੍ਹਾਂ ਕਿਹਾ ਕਿ ਉਸੇ ਦਿਨ ਉਨ੍ਹਾਂ ਨੇ ਫ਼ਿਰੋਜ਼ਪੁਰ ’ਚ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ। 490 ਕਰੋੜ ਰੁਪਏ ਦੇ ਇਸ ਪ੍ਰੋਜੈਕਟ ’ਤੇ ਪੰਜਾਬ ਦਾ ਅਧਿਕਾਰ ਹੈ ਅਤੇ ਜੇ ਪ੍ਰਧਾਨ ਮੰਤਰੀ ਉਸ ਦਿਨ ਨੀਂਹ ਪੱਥਰ ਨਹੀਂ ਰੱਖ ਸਕੇ ਤਾਂ ਬਾਅਦ ਵਿਚ ਇਹ ਕਰ ਦੇਣਾ ਚਾਹੀਦਾ ਸੀ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਾਇਰੋਲਾਜੀ ਸੈਂਟਰ ਜੋ ਮੁਹਾਲੀ ਦੇ ਮੈਡੀਸਿਟੀ ’ਚ ਬਣਨਾ ਸੀ ਅਤੇ ਇਸ ਦੇ ਲਈ ਪੰਜ ਏਕੜ ਜ਼ਮੀਨ ਵੀ ਦਿੱਤੀ ਗ ਈਸੀ, ਨੂੰ ਜੰਮੂ ’ਚ ਸ਼ਿਫਟ ਕਰ ਦਿੱਤਾ, ਇਸ ਨੂੰ ਫਿਰ ਤੋਂ ਪੰਜਾਬ ਵਿਚ ਲਿਆਉਣ ਦਾ ਮੁੱਦਾ ਵੀ ਉਹ ਮਨਸੁਖ ਮਾਂਡਵੀਆ ਕੋਲ ਚੁੱਕਣਗੇ। ਉਨ੍ਹਾਂ ਦੱਸਿਆ ਕਿ ਕੋਵਿਡ ਅਤੇ ਸਵਾਈਨ ਫਲੂ ਵਰਗੀਆਂ ਵਾਇਰਲ ਬਿਮਾਰੀਆਂ ’ਤੇ ਖੋਜ ਕਰਨ ਲਈ ਵਾਇਰੋਲਾਜੀ ਸੈਂਟਰ ਪੰਜਾਬ ਲਈ ਬੇਹੱਦ ਅਹਿਮ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਮੁਹਾਲੀ ’ਚ 15 ਕਰੋੜ ਦੀ ਲਾਗਤ ਨਾਲ ਬਣਾਏ ਗਏ ਆਟਿਜਮ ਸੈਂਟਰ ਨੂੰ ਵੀ ਚਲਾਉਣ ਦਾ ਮਾਮਲਾ ਕੇਂਦਰੀ ਸਿਹਤ ਮੰਤਰੀ ਕੋਲ ਚੁੱਕਣਗੇ। ਉਨ੍ਹਾਂ ਕਿਹਾ ਕਿ ਵੈੱਲਨੈੱਸ ਸੈਂਟਰ ਬਣਾਉਣ ਲਈ 1200 ਕਰੋੜ ਰੁਪਏ ਦਾ ਮਾਮਲਾ ਵੀ ਲਟਕਿਆ ਹੋਇਆ ਹੈ।

Posted By: Sandip Kaur