ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਸ਼ਹਿਰਾਂ ਦੇ ਭੀੜ ਭੜੱਕੇ ਵਾਲੇ ਇਲਾਕਿਆਂ ਵਿਚ ਐਮਰਜੈਂਸੀ ਸੇਵਾਵਾਂ ਦੇਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਥੇ ਸੂਬੇ ਦੇ ਹਰੇਕ ਜ਼ਿਲ੍ਹੇ ਲਈ 22 ਛੋਟੀਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਸਿੱਧੂ ਨੇ ਦੱਸਿਆ ਕਿ ਇਹ ਐਂਬੂਲੈਂਸਾਂ 108 ਹੈਲਪਲਾਈਨ ਅਧੀਨ ਚੱਲਣ ਵਾਲੀਆਂ ਐਂਬੂਲੈਂਸਾਂ ਤੋਂ ਇਲਾਵਾ ਚੱਲਣਗੀਆਂ। ਇਹ ਤੰਗ ਗਲੀਆਂ ਵਿਚ ਮਰੀਜ਼ਾਂ ਲਈ ਤੁਰੰਤ ਐਮਰਜੈਂਸੀ ਸੇਵਾਵਾਂ ਯਕੀਨੀ ਬਣਾਉਣ ਲਈ ਲਾਹੇਵੰਦ ਸਿੱਧ ਹੋਣਗੀਆਂ। ਹਰੇਕ ਵੈਨ ਵਿਚ ਮਰੀਜ਼ਾਂ ਅਤੇ ਡਰਾਈਵਰਾਂ ਤੋਂ ਇਲਾਵਾ 5 ਸਹਾਇਕ ਹੋਣਗੇ ਜਿਸ ਨਾਲ ਸ਼ਹਿਰ ਦੇ ਭੀੜ ਵਾਲੇ ਇਲਾਕਿਆਂ ਵਿਚ ਅਸਾਨੀ ਨਾਲ ਪਹੁੰਚ ਕੀਤੀ ਜਾ ਸਕੇਗੀ।

ਸਿੱਧੂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ ਦੀ ਘਾਟ ਪੂਰੀ ਕਰਨ ਲਈ ਸਿਹਤ ਵਿਭਾਗ ਨੇ ਪਿਛਲੇ ਸਾਲ ਦੌਰਾਨ 180 ਐਂਬੂਲੈਂਸਾਂ ਦੀ ਖਰੀਦ ਕੀਤੀ ਹੈ ਤੇ ਸਾਰੇ 22 ਜ਼ਿਲਿ੍ਹਆਂ ਦੀਆਂ ਆਪਣੀਆਂ ਏਐੱਲਐਸ ਐਂਬੂਲੈਂਸਾਂ (ਐਡਵਾਂਸ ਲਾਈਫ ਸਪੋਰਟ) ਹਨ ਜੋ ਪੂਰੀ ਤਰ੍ਹਾਂ ਨਾਲ ਜ਼ਿੰਦਗੀ ਬਚਾਉਣ ਵਾਲੇ ਉਪਕਰਣਾਂ ਵੈਂਟੀਲੇਟਰ, ਮਲਟੀ-ਪੈਰਾ ਪੇਸ਼ੈਂਟ ਮੋਨੀਟਰ, ਸੱਕਸ਼ਨ ਮਸ਼ੀਨ, ਨੇਬੂਲਾਈਜਰਜ ਨਾਲ ਤਿਆਰ ਹਨ। ਸਿਹਤ ਵਿਭਾਗ ਕੋਲ ਸ਼ਹਿਰਾਂ ਤੇ ਪਿੰਡਾਂ ਦੇ ਸਾਰੇ ਖੇਤਰਾਂ ਨੂੰ ਕਵਰ ਕਰਨ ਲਈ ਕੁਲ 422 ਐਂਬੂਲੈਂਸਾਂ ਹਨ।