ਪਿਛਲੇ ਦੋ ਸਾਲਾਂ ਦੌਰਾਨ ਐੱਨਐੱਚਐੱਮ ਅਧੀਨ 4000 ਮੁਲਾਜ਼ਮਾਂ ਦੀ ਹੋ ਚੁੱਕੀ ਹੈ ਭਰਤੀ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ 308 ਸਟਾਫ਼ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਸਬੰਧੀ ਵਿਸ਼ੇਸ਼ ਸਮਾਰੋਹ ਰਾਜ ਸਿਹਤ ਤੇ ਪਰਿਵਾਰ ਭਲਾਈ ਤੇ ਸਿਖਲਾਈ ਸੰਸਥਾ, ਫੇਜ-6 'ਚ ਕਰਵਾਇਆ ਗਿਆ। ਇਸ ਮੌਕੇ ਤੇ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਕੁਮਾਰ ਰਾਹੁਲ ਅਤੇ ਡਾਇਰੈਕਟਰ ਕੋਆਪਰੇਟਿਵ ਬੈਂਕ, ਮੋਹਾਲੀ ਹਰਕੇਸ਼ ਸ਼ਰਮਾ ਵਿਸ਼ੇਸ਼ ਤੇ ਮੌਜੂਦ ਰਹੇ। ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਸਟਾਫ਼ ਨਰਸਾਂ ਦੀ ਤੈਨਾਤੀ ਰਾਜ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਜ਼ਿਲ੍ਹਾ ਹਸਪਤਾਲਾਂ, ਸਬ ਡਿਵੀਜਨਲ ਹਸਪਤਾਲਾਂ, ਸੀਐੱਚਸੀ ਅਤੇ ਪੀਐੱਚਸੀ 'ਚ ਕੀਤੀ ਜਾਵੇਗੀ। ਇਹ ਸਟਾਫ਼ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਜਾ ਕੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ ਤਾਂ ਜੋ ਪੰਜਾਬ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣ 'ਚ ਮਦਦ ਮਿਲ ਸਕੇ।

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਸਟਾਫ਼ ਨਰਸਾਂ ਦਾ ਪਾਰਦਰਸ਼ੀ ਢੰਗ ਨਾਲ ਲਿਖਤੀ ਪੇਪਰ ਤੇ ਸਕਿੱਲ ਟੈਸਟ ਲਿਆ ਗਿਆ ਸੀ ਅਤੇ ਲਗਪਗ 670 ਸਟਾਫ਼ ਨਰਸਾਂ ਦੀ ਭਰਤੀ ਕੀਤੀ ਜਾਣੀ ਸੀ, ਜਿਨ੍ਹਾਂ 'ਚੋਂ 534 ਸਟਾਫ ਨਰਸਾਂ ਦੀ ਕੁਝ ਸਮਾਂ ਪਹਿਲਾਂ ਹੀ ਨਿਯੁਕਤੀ ਕੀਤੀ ਜਾ ਚੁੱਕੀ ਹੈ। ਹੁਣ ਪੰਜਾਬ ਵਿਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਹੋਰ ਸਟਾਫ਼ ਨਰਸਾਂ ਦੀ ਜਰੂਰਤ ਸੀ। ਇਸ ਦੇ ਚੱਲਦੇ ਵੇਟਿੰਗ ਲਿਸਟ ਵਿੱਚੋਂ ਵੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਹੁਣ 308 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਪੰਜਾਬ ਰਾਜ 'ਚ ਸਿਹਤ ਸੰਸਥਾਵਾਂ ਵਿਚ ਹੋਰ ਪੈਰਾ ਮੈਡੀਕਲ ਸਟਾਫ਼ ਜਿਵੇਂ ਕਿ ਫਾਰਮਾਸਿਸਟ, ਲੈਬ ਟੈਕਨੀਸ਼ਿਅਨ ਆਦਿ ਦੀਆਂ ਨਿਯੁਕਤੀਆਂ ਵੀ ਜਲਦੀ ਕਰ ਦਿੱਤੀਆਂ ਜਾਣਗੀਆਂ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਸਰਕਾਰ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਨੌਕਰੀ ਮਿਲਣਾ ਜਿਥੇ ਖੁਸ਼ੀ ਦਾ ਪੈਗਾਮ ਹੈ, ਉਥੇ ਸਮਾਜ ਪ੍ਰਤੀ ਇੱਕ ਜਿੰਮੇਵਾਰੀ ਵੀ ਬਣ ਜਾਂਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸੁਲਤਾਨਪੁਰ ਲੋਧੀ, ਫਗਵਾੜਾ, ਬਟਾਲਾ ਤੇ ਹੋਰ ਵੱਖ-ਵੱਖ ਥਾਵਾਂ ਤੇ ਸਿਹਤ ਵਿਭਾਗ ਪੰਜਾਬ ਵੱਲੋਂ ਸਿਹਤ ਵਿਭਾਗ ਦੇ ਮੁਲਾਜਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਇਸਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਹੈ। ਇਸੇ ਤਰ੍ਹਾਂ ਸਿਹਤ ਵਿਭਾਗ ਦੇ ਪਰਿਵਾਰ ਵਿਚ ਸ਼ਾਮਿਲ ਹੋ ਰਹੀਆਂ ਨਵ ਨਿਯੁਕਤ ਸਟਾਫ਼ ਨਰਸਾਂ ਵੀ ਪੂਰੀ ਲਗਨ ਨਾਲ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨ। ਇਸ ਲਈ ਹਸਪਤਾਲ ਵਿਚ ਆ ਰਹੇ ਹਰ ਵਿਅਕਤੀ ਦੀ ਪੂਰੀ ਤਰ੍ਹਾਂ ਗੱਲ ਸੁਣੀ ਜਾਵੇ ਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮ ਚੰਗਾ ਕੰਮ ਕਰਨਗੇ, ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਪਿਛਲੇ ਦੋ ਸਾਲਾਂ ਦੌਰਾਨ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਅਧੀਨ ਲਗਭਗ 4000 ਮੈਡੀਕਲ, ਪੈਰਾ ਮੈਡੀਕਲ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਡਾ. ਪਰਵਿੰਦਰ ਪਾਲ ਸਿੱਧੂ, ਡਾਇਰੈਕਟਰ ਫਾਈਨਾਂਸ ਨੀਰਜ ਸਿੰਗਲਾ ਤੇ ਮੈਨੇਜਰ (ਐੱਚਆਰ) ਦੀਪ ਸ਼ਿਖਾ ਮੌਜੂਦ ਸਨ।