ਚੰਡੀਗੜ੍ਹ : ਵਿਆਹ ਤੋਂ ਬਾਅਦ ਜਦੋਂ ਆਪਸੀ ਅਣਬਣ ਹੋ ਜਾਵੇ ਤਾਂ ਜਦੋਂ ਤਕ ਪਤੀ ਪਤਨੀ ਦਾ ਤਲਾਕ ਨਹੀਂ ਹੋ ਜਾਂਦਾ ਉਦੋਂ ਤਕ ਪਤੀ ਵੱਲੋਂ ਪਤਨੀ ਨੂੰ ਗੁਜ਼ਾਰਾ ਭੱਤਾ ਦਿੰਦਾ ਜਾਂਦਾ ਹੈ। ਪਤੀ ਦੀ ਆਮਦਨ ਦੇ ਹਿਸਾਬ ਨਾਲ ਪਤਨੀ ਨੂੰ ਗੁਜ਼ਾਰਾ ਭੱਤਾ ਅਦਾਲਤੀ ਹੁਕਮਾਂ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। ਅਜਿਹੇ ਹੀ ਇਕ ਕੇਸ ਵਿਚ ਹਾਈਕੋਰਟ ਨੇ ਦਖਲ ਦੇਣ ਤੋਂ ਇਨਕਾਰ ਕੀਤਾ ਹੈ ਜਿਸ ਵਿਚ ਪੰਚਕੂਲਾ ਫੈਮਿਲੀ ਕੋਰਟ ਨੇ ਪਤਨੀ ਦਾ ਗੁਜ਼ਾਰਾ ਭੱਤਾ 20000 ਤੋਂ ਵਧਾ ਕੇ 28000 ਕੀਤਾ ਸੀ। ਹਾਈਕੋਰਟ ਨੇ ਪਤੀ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਪੰਚਕੂਲਾ ਕੋਰਟ ਦੇ ਇਸ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ। ਇਸ ’ਤੇ ਹਾਈ ਕੋਰਟ ਨੇ ਕਿਹਾ ਕਿ ਜਦੋਂ ਪਤੀ ਦੀ ਆਮਦਨ ਵਧਦੀ ਹੈ ਤਾਂ ਪਤਨੀ ਵੀ ਵਧੇ ਹੋਏ ਗੁਜ਼ਾਰੇ ਭੱਤੇ ਦੀ ਹੱਕਦਾਰ ਹੈ।

ਹਾਈ ਕੋਰਟ ਵਿਚ ਪੰਚਕੂਲਾ ਦੇ ਵਰੂਣ ਜਗੋਟਾ ਵੱਲੋਂ ਦਾਇਰ ਪਟੀਸ਼ਨ ਵਿਚ ਪੰਚਕੂਲਾ ਕੋਰਟ ਵੱਲੋਂ 5 ਮਾਰਚ 2020 ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਇਸ ਪਟੀਸ਼ਨ ਵਿਚ ਪਟੀਸ਼ਨਕਰਤਾ ਨੇ ਕਿਹਾ ਕਿ ਉਸ ਦੀ ਤਨਖਾਹ ਸਾਰੀਆਂ ਕਟੌਤੀਆਂ ਤੋਂ ਬਾਅਦ ਉਸ ਨੂੰ 92175 ਰੁਪਏ ਤਨਖਾਹ ਦੇ ਰੂਪ ਵਿਚ ਮਿਲਦਾ ਹੈ ਅਜਿਹੇ ਵਿਚ 28000 ਰੁਪਏ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਕਿਵੇਂ ਸਹੀ ਹੋ ਸਕਦਾ ਹੈ। ਹਾਈ ਕੋਰਟ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਰਿਵੀਜ਼ਨ ਪਟੀਸ਼ਨ ਵਿਚ ਹਾਈ ਕੋਰਟ ਦੀ ਸੰਭਾਵਨਾ ਉੁਦੋਂ ਹੁੰਦੀ ਹੈ ਜੇ ਹੁਕਮ ਕਾਨੂੰਨ ਦੇ ਖਿਲਾਫ ਹੋਵੇ ਜਾਂ ਪੱਖਪਾਤ ਵਾਲਾ ਹੋਵੇ ਪਰ ਇਸ ਮਾਮਲੇ ਵਿਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ।

ਇਸ ਮਾਮਲੇ ਵਿਚ ਪਤਨੀ ਵੱਲੋਂ ਪਾਈ ਪਟੀਸ਼ਨ ਵਿਚ ਪਤਨੀ ਨੇ ਕਿਹਾ ਕਿ ਪਤੀ ਦੀ ਤਨਖਾਹ ਵਿਚ ਵਾਧਾ ਹੋਇਆ ਹੈ ਉਥੇ ਦੂੁਜੇ ਪਾਸੇ ਪਤਨੀ ਦੇ ਘਰ ਦੇ ਕਿਰਾਏ ਵਿਚ ਵੀ 1500 ਰੁਪਏ ਦਾ ਵਾਧਾ ਹੋਇਆ ਹੈ। ਅਜਿਹੇ ਵਿਚ ਪੰਚਕੂੁਲਾ ਦੀ ਅਦਾਲਤ ਨੇ ਸਾਰੇ ਤੱਥਾਂ ’ਤੇ ਗੌਰ ਕਰਦਿਆਂ ਗੁਜ਼ਾਰੇ ਭੱਤੇ ਵਿਚ ਇਜਾਫਾ ਕੀਤਾ ਹੈ। ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ।

Posted By: Tejinder Thind