ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫਿਲਮ ਅਦਾਕਾਰਾ ਰਵੀਨਾ ਟੰਡਨ, ਕੋਰੀਓਗ੍ਰਾਫਰ ਫਰਾਹ ਖ਼ਾਨ ਤੇ ਕਾਮੇਡੀਅਨ ਭਾਰਤੀ ਸਿੰਘ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ 'ਚ ਵੱਡੀ ਰਾਹਤ ਦਿੱਤੀ ਹੈ। ਜਸਟਿਸ ਸੁਦੀਪ ਆਹਲੂਵਾਲੀਆ ਨੇ ਪੰਜਾਬ ਸਰਕਾਰ ਨੂੰ 25 ਮਾਰਚ ਦੇ ਨੋਟਿਸ ਜਾਰੀ ਕਰ ਕੇ ਜਵਾਬ ਮੰਗਦਿਆਂ ਤਿੰਨਾਂ ਖ਼ਿਲਾਫ਼ ਪੁਲਿਸ ਦੀ ਬਲ ਵਰਤੋਂ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ।

ਰੋਪੜ ਤੇ ਫਿਰੋਜ਼ਪੁਰ 'ਚ ਦਰਜ ਕੀਤੀ ਗਈ ਐੱਫਆਈਆਰ ਖ਼ਿਲਾਫ਼ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ 'ਤੇ ਲਾਏ ਦੋਸ਼ ਆਧਾਰਹੀਣ ਹਨ। ਉਨ੍ਹਾਂ ਨੇ ਆਪਣੇ ਟੀਵੀ ਸ਼ੋਅ 'ਚ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਮੰਸ਼ਾ ਨਾਲ ਕੁਝ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਵੈੱਬ ਸ਼ੋਅ 'ਬੈਕ ਬੈਂਚਰਜ਼' ਵਿਚ ਇਕ ਭਾਈਚਾਰੇ ਵਿਸ਼ੇਸ਼ 'ਤੇ ਵਿਅੰਗ ਕਰਨ ਦੇ ਦੋਸ਼ 'ਚ ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਵੀ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।

ਪਟੀਸ਼ਨਕਰਤਾਵਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਰਵੀਨਾ ਤੇ ਫਰਾਹ ਵੈੱਬ ਸ਼ੋਅ 'ਚ ਗੈਸਟ ਤੇ ਐਂਕਰ ਦੀ ਭੂਮਿਕਾ 'ਚ ਆਉਂਦੇ ਹਨ। ਉਨ੍ਹਾਂ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੋਵੇ।

Posted By: Tejinder Thind