ਸਟੇਟ ਬਿਊਰੋ, ਚੰਡੀਗੜ੍ਹ : ਹਰਿਆਣਾ ਦੇ ਚਰਚਿਤ ਸੀਨੀਅਰ ਆਈਏਐੱਸ ਅਫ਼ਸਰ ਡਾ. ਅਸ਼ੋਕ ਖੇਮਕਾ ਦਾ ਇਕ ਹੋਰ ਤਬਾਦਲਾ ਹੋ ਗਿਆ ਹੈ। ਆਪਣੇ ਟਵੀਟ ਅਤੇ ਕਾਰਜਸ਼ੈਲੀ ਨੂੰ ਲੈ ਕੇ ਅਕਸਰ ਚਰਚਾ ’ਚ ਰਹਿਣ ਵਾਲੇ ਆਈਏਐੱਸ ਅਫ਼ਸਰ ਡਾ. ਅਸ਼ੋਕ ਖੇਮਕਾ ਦਾ 54ਵੀਂ ਵਾਰ ਤਬਾਦਲਾ ਕੀਤਾ ਗਿਆ ਹੈ। ਖੇਮਕਾ ਨੂੰ ਕਰੀਬ ਦੋ ਸਾਲ ਬਅਦ ਮੁੜ ਕੈਬਨਿਟ ਮੰਤਰੀ ਅਨਿਲ ਵਿੱਜ ਨਾਲ ਲਾਇਆ ਗਿਆ ਹੈ। ਜਜਪਾ ਕੋਟੇ ਦੇ ਇਕਲੌਤੇ ਰਾਜਮੰਤਰੀ ਅਨੂਪ ਧਾਨਕ ਦੇ ਮਹਿਕਮੇ ’ਚ ਅਭਿਲੇਖ, ਪੁਰਾਤਤਵ ਅਤੇ ਮਿਊਜ਼ੀਅਮ ਦੇ ਪ੍ਰਿੰਸੀਪਲ ਸਕੱਤਰ ਦਾ ਕੰਮ ਵੇਖ ਰਹੇ ਖੇਮਕਾ ਹੁਣ ਮੁੜ ਵਿਗਿਆਨ ਅਤੇ ਤਕਨੀਕੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੱਛੀ ਪਾਲਣ ਵਿਭਾਗ ਦੀ ਵੀ ਜ਼ਿੰਮੇਵਾਰੀ ਮਿਲੀ ਹੈ ਜੋ ਕੈਬਨਿਟ ਮੰਤਰੀ ਜੇਪੀ ਦਲਾਲ ਕੋਲ ਹੈ।

ਸਥਾਨਕ ਸ਼ਹਿਰੀ ਸਰਕਾਰਾਂ ਅਤੇ ਕੌਸ਼ਲ ਵਿਕਾਸ ਤੇ ਉਦਯੋਗਿਕ ਸਿਖਲਾਈ ਵਿਭਾਗ ਸੰਭਾਲ ਰਹੇ ਅਰੁਣ ਕੁਮਾਰ ਗੁਪਤਾ ਨੂੰ ਅਭਿਲੇਖ, ਪੁਰਾਤਤਵ ਅਤੇ ਲਾਇਬ੍ਰੇਰੀ ਦੇ ਪ੍ਰਿੰਸੀਪਲ ਸਕੱਤਰ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਵਿਗਿਆਨ ਅਤੇ ਤਕਨੀਕੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਮਿਤ ਝਾ ਨੂੰ ਇਸ ਅਹੁਦੇ ਤੋਂ ਹਟਾਉਂਦੇ ਹੋਏ ਖੇਮਕਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। 27 ਨਵੰਬਰ 2019 ਨੂੰ ਅਭਿਲੇਖ, ਪੁਰਾਤਤਵ ਅਤੇ ਮਿਊਜ਼ੀਅਮ ਵਿਭਾਗ ਦੀ ਜ਼ਿੰਮੇਵਾਰੀ ਸੌਂਪੇ ਜਾਣ ਤੋਂ ਪਹਿਲਾਂ ਖੇਮਕਾ ਵਿਗਿਆਨ ਅਤੇ ਤਕਨੀਕੀ ਮਹਿਕਮਾ ਹੀ ਸੰਭਾਲ ਰਹੇ ਸਨ। 1991 ਬੈਚ ਦੇ ਆਈਏਐੱਸ ਅਸ਼ੋਕ ਖੇਮਕਾ ਦਾ 30 ਸਾਲ ਦੇ ਕਾਰਜਕਾਲ ’ਚ ਇਹ 54ਵਾਂ ਤਬਾਦਲਾ ਹੈ।

Posted By: Jagjit Singh