ਪੰਜਾਬੀ ਜਾਗਰਣ ਕੇਂਦਰ, ਚੰਡੀਗੜ੍ਹ : ਸਿੱਖਿਆ ਸਕੱਤਰ ਵੱਲੋਂ ਨਿੱਤ ਦਿਨ ਅਧਿਆਪਕਾਂ, ਸਕੂਲ ਮੁਖੀਆਂ ਸਮੇਤ ਹੋਰਨਾਂ ਬਲਾਕ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੈਕੜੇ ਕਿਲੋਮੀਟਰ ਦੂਰੀ ਤੋਂ ਵਾਰ-ਵਾਰ ਮੋਹਾਲੀ ਸੱਦ ਕੇ ਬੇਲੋੜੀਆਂ ਮੀਟਿੰਗਾਂ ਕਰਨ ਅਤੇ ਦੂਰ ਦੁਰਾਡੇ ਪੇਪਰ ਚੈਕਿੰਗ ਲਈ ਡਿਊਟੀਆਂ ਲਗਾ ਕੇ ਖੱਜਲ ਖੁਆਰ ਕਰਨ ਅਤੇ ਵੱਡੀ ਗਿਣਤੀ 'ਚ ਅਧਿਆਪਕਾਂ ਨੂੰ ਕਈ ਪ੍ਰਕਾਰ ਦੀਆਂ ਚੋਣ ਡਿਊਟੀਆਂ ਵਿਚ ਉਲਝਾ ਕੇ ਵਿੱਦਿਅਕ ਮਾਹੌਲ ਖਰਾਬ ਕਰਨ ਦਾ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਨੇ ਸਖਤ ਨੋਟਿਸ ਲਿਆ ਹੈ।

ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਵਿਚ ਡੀ.ਈ.ਓ ਅਤੇ ਬੀ.ਪੀ.ਈ.ਓ ਪੱਧਰ ਦੇ ਦਫਤਰਾਂ ਦੀ ਸਾਰਥਿਕਤਾ ਤੇ ਮਹੱਤਤਾ ਨੂੰ ਖੋਰਾ ਲਗਾ ਕੇ ਹਰੇਕ ਵਿਭਾਗੀ ਕਾਰਜ ਲਈ ਦਿਸ਼ਾ ਨਿਰਦੇਸ਼ ਦੇਣ ਦੀ ਪ੍ਰਕਿਰਿਆ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ।

ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਆਏ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੂਬੇ ਭਰ 'ਚੋਂ ਸਕੂਲ ਮੁਖੀਆਂ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਮੋਹਾਲੀ ਇਕੱਠੇ ਕਰਕੇ ਉਨ੍ਹਾਂ ਨੂੰ ਲੰਬੀਆਂ ਮੀਟਿੰਗਾਂ ਵਿੱਚ ਦਬਾਅ ਅਧੀਨ ਲਿਆਉਣ ਅਤੇ ਤਣਾਅਗ੍ਸਤ ਕਰਨ ਦਾ ਕੰਮ ਹੋ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਬੀਤੇ ਕੱਲ੍ਹ ਹੁਸ਼ਿਆਰਪੁਰ ਅਤੇ ਅੰਮਿ੍ਤਸਰ ਜ਼ਿਲਿ੍ਹਆਂ ਦੀ ਸਿੱਖਿਆ ਸਕੱਤਰ ਅਤੇ ਹੋਰਨਾਂ ਉੱਚ ਅਧਿਕਾਰੀਆਂ ਵੱਲੋਂ ਬੁਲਾਈ ਮੀਟਿੰਗ ਤੋਂ ਵਾਪਸ ਪਰਤ ਰਹੇ ਹੁਸ਼ਿਆਰਪੁਰ ਦੇ ਸਕੂਲ ਮੁਖੀਆਂ ਦੀ ਕਾਰ ਹਾਦਸਾਗ੍ਸਤ ਹੋਣ ਕਾਰਨ ਕਈ ਗੰਭੀਰ ਜ਼ਖ਼ਮੀ ਵੀ ਹੋ ਗਏ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਅਜਿਹੇ ਗੰਭਠਿੀਰ ਮਸਲੇ 'ਚ ਦਖਲ ਦੇਣ ਦੀ ਮੰਗ ਕਰਦਿਆਂ ਇਸ ਹਾਦਸੇ ਅਤੇ ਖੱਜਲ ਖੁਆਰੀ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ, ਜ਼ਖ਼ਮੀਆਂ ਦੇ ਹਰੇਕ ਪੱਖੋ ਹੋਏ ਨੁਕਸਾਨ ਦੀ ਭਰਪਾਈ ਕਰਨ ਅਤੇ ਅੱਗੇ ਤੋਂ ਅਜਿਹੀਆਂ ਬੇਲੋੜੀਆਂ ਮੀਟਿੰਗਾਂ ਵਿੱਚ ਸੈਂਕੜੇ ਕਿਲੋਮੀਟਰ ਦੀ ਦੂਰੀ ਤੋਂ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਬੁਲਾਉਣ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਸਰਕਾਰ ਵੱਲੋਂ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਲਈ ਬਣਦੇ ਕਦਮ ਨਾ ਚੁੱਕਣ 'ਤੇ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।