ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : 1992 ਬੈਚ ਦੇ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੇ ਅੱਜ ਮੁੜ ਐਸਟੀਐਫ ਦੇ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਸਿੱਧੂ ਨੇ ਸਵੇਰੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਮੋਹਾਲੀ ਸਥਿਤ ਐਸਟੀਐਫ ਦੇ ਹੈਡਕੁਆਰਟਰ ਵਿਖੇ ਆਪਣਾ ਚਾਰਜ ਸੰਭਾਲਣ ਪੁੱਜੇ।

ਭਰੋਸੇਯੋਗ ਪੁਲਿਸ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਦਿਨ ਅਹੁਦਾ ਸੰਭਾਲਣ ਤੋਂ ਬਾਅਦ ਹਰਪ੍ਰੀਤ ਸਿੱਧੂ ਨੇ ਐਸਟੀਐਫ ਦੇ ਅਧਿਕਾਰੀਆਂ ਨਾਲ ਤਕਰੀਬਨ 2 ਘੰਟੇ ਮੀਟਿੰਗਾਂ ਕਰਕੇ ਐਸਟੀਐਫ ਵਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ। ਮੀਟਿੰਗਾਂ ਦਾ ਮੁੱਖ ਏਜੰਡਾ ਡਰੱਗ ਕੇਸਾਂ, ਡਰੱਗ ਕੇਸਾਂ 'ਚ ਸ਼ਾਮਲ ਪੁਲਿਸ ਦੀਆਂ ਕਾਲੀਆਂ ਭੇਡਾਂ ਖਿਲਾਫ਼ ਚੱਲ ਰਹੇ ਕੇਸਾਂ 'ਚ ਰਿਪੋਰਟਾਂ ਤਲਬ ਕਰਨ, ਡੈਪੋ ਤੇ ਬਡੀ ਪ੍ਰੋਗਰਾਮਾਂ ਦੀ ਸਮੀਖਿਆ ਕਰਨਾ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੱਧੂ ਨੇ 25 ਜੁਲਾਈ ਨੂੰ ਚੰਡੀਗੜ੍ਹ 'ਚ ਨਸ਼ਿਆਂ ਦੇ ਮੁੱਦੇ ਉਤੇ ਹੋਣ ਵਾਲੀ ਉਤਰੀ ਭਾਰਤ ਦੇ ਰਾਜਾਂ ਦੇ ਮੁੱਖ ਮੰਤਰੀਆਂ ਹੋਣ ਵਾਲੀ ਅਹਿਮ ਮੀਟਿੰਗ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ।

ਇਸ ਸਬੰਧੀ ਜਦੋਂ ਏਡੀਜੀਪੀ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਨੇ ਗੈਰਰਸਮੀ ਤੌਰ ਉਤੇ ਪੁਸ਼ਟੀ ਕਰਦਿਆਂ ਦੱਸਿਆ ਕਿ 25 ਜੁਲਾਈ ਨੂੰ ਉਤਰੀ ਰਾਜਾਂ ਜਿਨ੍ਹਾਂ 'ਚ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਚੰਡੀਗੜ੍ਹ, ਰਾਜਸਥਾਨ, ਦਿੱਲੀ ਅਤੇ ਪੰਜਾਬ ਸ਼ਾਮਲ ਹਨ, ਦੀ ਡਰੱਗ ਦੇ ਮੁੱਦੇ ਉਤੇ ਰਣਨੀਤੀ ਬਣਾਉਣ ਨੂੰ ਲੈ ਕੇ ਇੱਕ ਸਾਂਝੀ ਮੀਟਿੰਗ ਚੰਡੀਗੜ੍ਹ ਵਿਚ ਹੋਵੇਗੀ। ਇਸ ਮੀਟਿੰਗ ਦੀ ਮੇਜ਼ਬਾਨੀ ਪੰਜਾਬ ਸਰਕਾਰ ਵਲੋਂ ਕੀਤੀ ਜਾਵੇਗੀ।

Posted By: Jagjit Singh