ਆਨਲਾਈਨ ਡੈਸਕ, ਚੰਡੀਗੜ੍ਹ : ਪੰਜਾਬ ਅਤੇ ਉੱਤਰਾਖੰਡ 'ਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੀਆਂ ਹਨ। ਪੰਜਾਬ 'ਚ ਕਾਂਗਰਸ ਦੇ ਇੰਚਾਰਜ ਉੱਤਰਾਖੰਡ ਦੇ ਸਾਬਕਾ ਸੀਐੱਮ ਹਰੀਸ਼ ਰਾਵਤ ਹਨ। ਹਰੀਸ਼ ਰਾਵਤ ਉੱਤਰਾਖੰਡ 'ਚ ਕਾਂਗਰਸ ਦਾ ਪ੍ਰਮੁੱਖ ਚਿਹਰਾ ਹਨ। ਅਜਿਹੇ ਵਿਚ ਉਹ ਹੁਣ ਪੰਜਾਬ ਕਾਂਗਰਸ ਇੰਚਾਰਜ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇਣ ਵਿਚ ਅਸਹਿਜ ਮਹਿਸੂਸ ਕਰ ਰਹੇ ਹਨ। ਅਸਲ ਵਿਚ ਪੰਜਾਬ ਕਾਂਗਰਸ 'ਚ ਪਏ ਕਾਟੋ-ਕਲੇਸ਼ ਕਾਰਨ ਰਾਵਤ ਉੱਤਰਾਖੰਡ 'ਤੇ ਧਿਆਨ ਕੇਂਦ੍ਰਿਤ ਨਹੀਂ ਕਰ ਪਾ ਰਹੇ ਹਨ। ਰਾਵਤ ਨੇ ਪਾਰਟੀ ਅਗਵਾਈ ਨੂੰ ਇਕ ਵਾਰ ਫਿਰ ਪੰਜਾਬ ਕਾਂਗਰਸ ਇੰਚਾਰਜ ਅਹੁਦੇ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਹੈ।

ਹਰੀਸ਼ ਰਾਵਤ ਨੇ ਟਵਿੱਟਰ 'ਤੇ ਲਿਖਿਆ, ਮੈਂ ਅੱਜ ਇਕ ਵੱਡੇ ਸ਼ਸ਼ੋਪੰਜ ਤੋਂ ਉੱਬਰ ਸਕਿਆ ਹਾਂ। ਇਕ ਪਾਸੇ ਜਨਮਭੂਮੀ (ਉੱਤਰਾਖੰਡ) ਲਈ ਮੇਰਾ ਫ਼ਰਜ਼ ਹੈ ਤੇ ਦੂਸਰੇ ਪਾਸੇ ਕਰਮਭੂਮੀ ਪੰਜਾਬ ਲਈ ਮੇਰੀਆਂ ਸੇਵਾਵਾਂ ਹਨ, ਹਾਲਾਤ ਗੁੰਝਲਦਾਰ ਹੁੰਦੇ ਜਾ ਰਹੇ ਹਨ ਕਿਉਂਕਿ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ, ਦੋਵੇਂ ਜਗ੍ਹਾ ਪੂਰਾ ਸਮਾਂ ਦੇਣਾ ਪਵੇਗਾ। ਕੱਲ੍ਹ ਉੱਤਰਾਖੰਡ 'ਚ ਬੇਮੌਸਮੇ ਮੀਂਹ ਨੇ ਜਿਹੜਾ ਕਹਿਰ ਢਾਹਿਆ ਹੈ, ਮੈਂ ਕੁਝ ਥਾਵਾਂ 'ਤੇ ਜਾ ਸਕਿਆ, ਪਰ ਹੰਝੂ ਪੂੰਝਣ ਸਭ ਜਗ੍ਹਾ ਜਾਣਾ ਚਾਹੁੰਦਾ ਸੀ। ਪਰ ਫਰਜ਼ ਪੁਕਾਰ, ਮੇਰੇ ਤੋਂ ਕੁਝ ਹੋਰ ਉਮੀਦਵਾਰਾਂ ਲਈ ਖੜ੍ਹੀ ਹੋਈ।'

ਰਾਵਤ ਨੇ ਲਿਖਿਆ, 'ਮੈਂ ਜਨਮਭੂਮੀ ਦੇ ਨਾਲ ਨਿਆਂ ਕਰਾਂ ਤਾਂ ਹੀ ਕਰਮਭੂਮੀ ਦੇ ਨਾਲ ਵੀ ਨਿਆਂ ਕਰ ਸਕਾਂਗਾ। ਮੈਂ ਪੰਜਾਬ ਕਾਂਗਰਸ ਤੇ ਪੰਜਾਬ ਦੇ ਲੋਕਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਮੈਨੂੰ ਲਗਾਤਾਰ ਅਸ਼ੀਰਵਾਦ ਤੇ ਨੈਤਿਕ ਸਮਰਥਨ ਦਿੱਤਾ। ਸੰਤਾਂ, ਗੁਰੂਆਂ ਦੀ ਭੂਮੀ, ਸ੍ਰੀ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਭੂਮੀ ਨਾਲ ਮੇਰਾ ਗਹਿਰਾ ਭਾਵਨਾਤਮਕ ਲਗਾਵ ਹੈ। ਮੈਂ ਨਿਸ਼ਚੇ ਕੀਤਾ ਹੈ ਕਿ ਲੀਡਰਸ਼ਿਪ ਨੂੰ ਪ੍ਰਾਰਥਨਾ ਕਰਾਂ ਕਿ ਅਗਲੇ ਕੁਝ ਮਹੀਨਿਆਂ 'ਚ ਉੱਤਰਾਖੰਡ ਨੂੰ ਮੁਕੰਮਲ ਸਮਰਪਿਤ ਰਹਿ ਸਕਾਂ, ਇਸ ਲਈ ਪੰਜਾਬ 'ਚ ਜਿਹੜਾ ਮੇਰਾ ਵਰਤਮਾਨ ਫਰਜ਼ ਹੈ, ਉਸ ਫਰਜ਼ ਤੋਂ ਮੈਨੂੰ ਮੁਕਤ ਕਰ ਦਿੱਤਾ ਜਾਵੇ। ਆਗਿਆ ਪਾਰਟੀ ਅਗਵਾਈ ਦੀ, ਵਿਨਤੀ ਹਰੀਸ਼ ਰਾਵਤ ਦੀ।'

ਪੰਜਾਬ 'ਚ ਹਰੀਸ਼ ਰਾਵਤ ਨੇ ਪਾਰਟੀ ਦੀ ਕਮਾਨ ਉਦੋਂ ਸੰਭਾਲੀ ਜਦੋਂ ਪਾਰਟੀ 'ਚ ਅੰਦਰ ਹੀ ਅੰਦਰ ਹੀ ਘਮਸਾਨ ਚੱਲ ਰਿਹਾ ਸੀ। ਹਰੀਸ਼ ਰਾਵਤ ਦੇ ਕਮਾਨ ਸੰਭਾਲਣ ਤੋਂ ਬਾਅਦ ਲੰਬੀ ਚੁੱਪ ਧਾਰਦੇ ਹੋਏ ਨਵਜੋਤ ਸਿੰਘ ਸਿੱਧੂ ਮੁੜ ਪਾਰਟੀ 'ਚ ਸਰਗਰਮ ਹੋਏ। ਰਾਵਤ ਦੇ ਹੀ ਯਤਨਾ ਸਦਕ ਸਿੱਧੂ ਪ੍ਰਦੇਸ਼ ਪ੍ਰਧਾਨ ਅਹੁਦੇ ਤਕ ਪਹੁੰਚੇ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਤੱਤਕਾਲੀ ਸੀਐੱਮ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾਵਰ ਰਹੇ। ਪਾਰਟੀ 'ਚ ਖ਼ੁਦ ਨੂੰ ਅਸਹਿਜ ਮਹਿਸੂਸ ਕਰ ਰਹੇ ਕੈਪਟਨ ਨੂੰ ਸੀਐੱਮ ਅਹੁਦਾ ਛੱਡਣਾ ਪਿਆ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸੀਐੱਮ ਬਣ ਗਏ, ਪਰ ਸਿੱਧੂ ਚਰਨਜੀਤ ਸਿੰਘ ਚੰਨੀ ਸਰਕਾਰ ਤੋਂ ਵੀ ਅਸੰਤੁਸ਼ਟ ਨਜ਼ਰ ਆਏ ਤੇ ਉਨ੍ਹਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

Posted By: Seema Anand