ਸੁਰਜੀਤ ਸਿੰਘ ਕੋਹਾੜ, ਲਾਲੜੂ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅੱਜ ਇੱਕ ਮੀਟਿੰਗ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਹੋਈ, ਜਿਸ 'ਚ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ 'ਚ ਇਲਾਕੇ ਦੀਆਂ ਜ਼ਰੂਰੀ ਮੰਗਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਤੇ ਯੂਨੀਅਨ ਵੱਲੋਂ ਮੰਗਾਂ ਵਾਲਾ ਮੰਗ ਪੱਤਰ ਐੱਸਡੀਐੱਮ ਡੇਰਾਬੱਸੀ ਨੂੰ ਸੌਂਪਿਆ ਗਿਆ। ਜਸਵਿੰਦਰ ਸਿੰਘ ਟਿਵਾਣਾ ਸਮੇਤ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਲਕਾ ਡੇਰਾਬੱਸੀ ਨਹਿਰੀ ਪਾਣੀ ਤੋਂ ਵਾਂਝਾ ਹੈ ਤੇ ਪਾਣੀ ਡੂੰਘਾ ਹੋਣ ਕਾਰਨ ਇਹ ਹੁਣ ਮਾਰੂ ਬਰਾਨੀ ਇਲਾਕਾ ਬਣਦਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਹਲਕੇ ਦੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਦੀ ਰਕਮ ਦੇਣ ਦਾ ਜੋ ਵਾਅਦਾ ਕੀਤਾ ਸੀ , ਉਸ ਨੂੰ ਜਲਦ ਕਿਸਾਨਾਂ ਦੇ ਖਾਤਿਆਂ 'ਚ ਭੇਜਿਆ ਜਾਵੇ । ਉਨਾਂ੍ਹ ਕਿਹਾ ਕਿ ਪਿੰਡ ਟਿਵਾਣਾ ਵਿਖੇ ਘੱਗਰ ਦਾ ਪੁੱਲ ਅਧੂਰਾ ਪਿਆ ਹੈ,ਜਿਸ ਵੱਲੋ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਤੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਸ ਨੂੰ ਜਲਦ ਪੂਰਾ ਕਰਵਾਇਆ ਜਾਵੇ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਹਲਕੇ 'ਚ ਵੱਧ ਰਹੇ ਪ੍ਰਦੂਸ਼ਣ ਕਾਰਨ ਸਥਾਨਕ ਲੋਕ ਕੈਂਸਰ ਤੇ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਹਲਕੇ ਨੂੰ ਜਲਦ ਪ੍ਰਦੂਸ਼ਣ ਮੁਕਤ ਕੀਤਾ ਜਾਵੇ ਤੇ ਡੇਰਾਬੱਸੀ 'ਚ ਇੱਕ ਗੰਨਾ ਮਿੱਲ ਲਗਾਇਆ ਜਾਵੇ ਤਾਂ ਜੋ ਗੰਨਾ ਉਤਪਾਦਕਾਂ ਨੂੰ ਸੌਖ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਦੱਪਰ, ਹਰੀ ਸਿੰਘ ਦੱਪਰ, ਲਾਲ ਸਿੰਘ, ਤਰਲੋਚਨ ਸਿੰਘ ਕੁਰਲੀ, ਪੇ੍ਮ ਸਿੰਘ, ਗੁਰਮੇਲ ਸਿੰਘ ਖੇੜੀ, ਪੇ੍ਮ ਰਾਣਾ, ਸੁਭਾਸ਼ ਰਾਣਾ, ਕੁਲਦੀਪ ਰਾਣਾ, ਹਰਵਿੰਦਰ ਸਿੰਘ ਟੋਨੀ, ਗੁਰਜੀਤ ਸਿੰਘ ਕੁਰਲੀ ਤੇ ਜਸਵੰਤ ਸਿੰਘ ਆਲਮਗੀਰ ਆਦਿ ਵੀ ਹਾਜ਼ਰ ਸਨ।