ਜੇਐਨਐਨ, ਚੰਡੀਗਡ਼੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ੍ਹ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਹੋਣਾ ਤੈਅ ਹੋਇਆ ਹੈ। ਇਸ ਨੂੰ ਲੈ ਸੂਬੇ ਦੇ ਲੋਕਾਂ ਦੇ ਨਾਲ ਨਾਲ ਦੁਨੀਆ ਭਰ ਦੇ ਲੋਕਾਂ ਵਿਚ ਉਤਸ਼ਾਹ ਹੈ। ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਡਾ. ਗੁਰਪ੍ਰੀਤ ਕੌਰ ਕੌਣ ਹੈ ਅਤੇ ਕਿਥੋਂ ਦੀ ਰਹਿਣ ਵਾਲੀ ਹੈ। ਇਹ ਵਿਆਹ ਭਗਵੰਤ ਮਾਨ ਦੀ ਮਾਂ ਅਤੇ ਭੈਣ ਨੇ ਤੈਅ ਕੀਤਾ ਹੈ। ਵਿਆਹ ਦੀਆਂ ਰਸਮਾਂ ਸੀਐਮ ਹਾਊਸ ਵਿਚ ਹੋਣਗੀਆਂ। ਡਾ. ਗੁਰਪ੍ਰੀਤ ਕੌਰ ਪੇਸ਼ੇ ਤੋਂ ਡਾਕਟਰ ਹੈ। ਸੀਐਮ ਹਾਊੁਸ ਵਿਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਬਣਨ ਵਾਲੀ ਡਾ.ਗੁਰਪ੍ਰੀਤ ਕੌਰ ਕੁਰੂਕਸ਼ੇਤਰ ਦੇ ਪਿਹੋਵਾ ਦੀ ਦੱਸੀ ਜਾ ਰਹੀ ਹੈ। ਡਾ: ਗੁਰਪ੍ਰੀਤ ਕੌਰ ਦੀਆਂ ਤਿੰਨ ਭੈਣਾਂ ਹਨ। ਦੋ ਵੱਡੀਆਂ ਭੈਣਾਂ ਅਮਰੀਕਾ ਅਤੇ ਆਸਟ੍ਰੇਲੀਆ ਵਿਚ ਰਹਿੰਦੀਆਂ ਹਨ, ਜਦਕਿ ਗੁਰਪ੍ਰੀਤ ਕੌਰ ਪੰਜਾਬ ਵਿਚ ਰਹਿੰਦੀ ਹੈ। 2013 ’ਚ ਗੁਰਪ੍ਰੀਤ ਕੌਰ ਨੇ ਅੰਬਾਲਾ ਦੇ ਮੌਲਾਨਾ ਮੈਡੀਕਲ ਕਾਲਜ ’ਚ ਦਾਖਲਾ ਲਿਆ। 20217 ’ਚ ਉਸ ਨੇ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। 2019 ’ਚ ਉਨ੍ਹਾਂ ਦੀ ਮੁਲਾਕਾਤ ਭਗਵੰਤ ਮਾਨ ਨਾਲ ਹੋਈ। ਭਗਵੰਤ ਮਾਨ ਉਦੋਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਇਸ ਤੋਂ ਬਾਅਦ ਉਹ ਸੀਐੱਮ ਮਾਨ ਦੇ ਵਿਸ਼ੇਸ਼ ਪ੍ਰੋਗਰਾਮਾਂ ’ਚ ਸ਼ਾਮਲ ਹੁੰਦੀ ਰਹੀ। ਸੀਐੱਮ ਅਹੁਦੇ ਦੇ ਸਹੁੰ ਚੁੱਕ ਸਮਾਗਮ ’ਚ ਵੀ ਗੁਰਪ੍ਰੀਤ ਮੌਜੂਦ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਨੱਤ ਪਿਹੋਵਾ ਬਲਾਕ ਦੇ ਪਿੰਡ ਮਦਨਪੁਰ ਦੇ ਸਾਬਕਾ ਸਰਪੰਚ ਹਨ। ਹੁਣ ਉਹ ਆਪਣੇ ਪਰਿਵਾਰ ਨਾਲ ਪੰਜਾਬ ਦੇ ਮੋਹਾਲੀ ਵਿੱਚ ਰਹਿੰਦੇ ਹਨ। ਡਾ: ਗੁਰਪ੍ਰੀਤ ਕੌਰ ਹੁਣ ਰਾਜਪੁਰਾ, ਪੰਜਾਬ ਵਿੱਚ ਰਹਿੰਦੀ ਹੈ।

ਗੁਰਪ੍ਰੀਤ ਕੌਰ ਦੇ ਚਾਚਾ ਐਡਵੋਕੇਟ ਗੁਰਵਿੰਦਰ ਜੀਤ ਸਿੰਘ ਨੱਤ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਸਨੇ 1991 ਵਿੱਚ ਪਿਹੋਵਾ ਵਿਧਾਨ ਸਭਾ ਤੋਂ ਆਜ਼ਾਦ ਚੋਣ ਲੜੀ ਸੀ। ਉਹ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਦੇ ਵੀ ਕਰੀਬੀ ਸਨ। ਬਾਅਦ ਵਿੱਚ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਜਾਣਕਾਰੀ ਅਨੁਸਾਰ ਡਾਕਟਰ ਗੁਰਪ੍ਰੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਭਗਵੰਤ ਮਾਨ ਨੂੰ ਮਿਲਣ ਆ ਰਹੇ ਸਨ। ਉਹ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨਾਲ ਬਹੁਤ ਨੇੜੇ ਸੀ ਅਤੇ ਦੋਵੇਂ ਇਕੱਠੀਆਂ ਖਰੀਦਦਾਰੀ ਆਦਿ ਲਈ ਜਾਂਦੀਆਂ ਸਨ।

ਭਗਵੰਤ ਮਾਨ ਦੀ ਮਾਂ ਹਰਪਾਲ ਕੌਰ ਵੀ ਡਾਕਟਰ ਗੁਰਪ੍ਰੀਤ ਕੌਰ ਨੂੰ ਪਸੰਦ ਕਰਦੀ ਸੀ। ਮਨਪ੍ਰੀਤ ਕੌਰ ਅਤੇ ਹਰਪਾਲ ਕੌਰ ਨੇ ਹੀ ਡਾ: ਗੁਰਪ੍ਰੀਤ ਕੌਰ ਦਾ ਵਿਆਹ ਤੈਅ ਕਰਵਾਇਆ। ਮਾਂ ਤੇ ਭੈਣ ਦੇ ਕਹਿਣ ਤੋਂ ਬਾਅਦ ਭਗਵੰਤ ਮਾਨ ਵਿਆਹ ਲਈ ਰਾਜ਼ੀ ਹੋ ਗਿਆ।

ਦੱਸ ਦੇਈਏ ਕਿ ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ 2015 ਵਿੱਚ ਤਲਾਕ ਹੋ ਗਿਆ ਸੀ। ਉਨ੍ਹਾਂ ਦੇ ਦੋ ਬੱਚੇ ਹਨ ਬੇਟਾ ਦਿਲਸ਼ਾਨ ਅਤੇ ਬੇਟੀ ਸੀਰਤ। ਦੱਸਿਆ ਜਾਂਦਾ ਹੈ ਕਿ ਇੰਦਰਪ੍ਰੀਤ ਕੌਰ ਚਾਹੁੰਦੀ ਸੀ ਕਿ ਭਗਵੰਤ ਮਾਨ ਸਿਆਸਤ ਛੱਡ ਦੇਵੇ। ਦਰਅਸਲ, ਸਿਆਸਤ ਵਿੱਚ ਸਰਗਰਮ ਹੋਣ ਕਾਰਨ ਭਗਵੰਤ ਮਾਨ ਪਰਿਵਾਰ ਨੂੰ ਸਮਾਂ ਨਹੀਂ ਦੇ ਸਕੇ। ਇੰਦਰਪ੍ਰੀਤ ਕੌਰ ਆਪਣੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿ ਰਹੀ ਹੈ। ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਉਨ੍ਹਾਂ ਦੇ ਦੋਵੇਂ ਬੱਚੇ ਵੀ ਪੁੱਜੇ ਹੋਏ ਸਨ।

Posted By: Tejinder Thind