ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਪੰਜਾਬ 'ਚ ਸਿਆਸੀ ਪਾੜਾ ਚੜ੍ਹਦਾ ਜਾ ਰਿਹਾ ਹੈ। ਪਾਰਟੀਆਂ ਅੰਦਰ ਜੋੜ-ਤੋੜ ਦੀ ਸਿਆਸਤ ਸ਼ੁਰੂ ਹੋ ਗਈ ਹੈ। ਨਾਖੁਸ਼ ਆਗੂਆਂ ਤੇ ਵਰਕਰਾਂ ਵੱਲੋਂ ਨਵੇਂ ਮੌਕੇ ਦੀ ਤਲਾਸ਼ 'ਚ ਦਲ ਬਦਲਣ ਦੀ ਦੌੜ ਜਾਰੀ ਹੈ। ਸਾਬਕਾ ਸੰਸਦ ਮੈਂਬਰ ਜਥੇਦਾਰ ਜਗਦੇਵ ਸਿੰਘ ਖੁਡੀਆ ਦੇ ਸਪੁੱਤਰ ਗੁਰਮੀਤ ਸਿੰਘ ਖੁਡੀਆ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਖੇ ਸੋਮਵਾਰ ਨੂੰ ਕੀਤੀ ਪ੍ਰੈੱਸ ਕਾਨਫੰਰਸ ਦੌਰਾਨ ਪਾਰਟੀ ਪ੍ਰਧਾਨ ਭਗਵੰਤ ਮਾਨ (Bhagwant Mann) ਤੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਾਘਵ ਚੱਢਾ ਨੇ ਖੁਡੀਆ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਇੱਥੇ ਦੱਸਣਾ ਬਣਦਾ ਹੈ ਕਿ ਗੁਰਮੀਤ ਸਿੰਘ ਖੁਡੀਆ ਪਹਿਲਾਂ ਅਕਾਲੀ ਦਲ ਨਾਲ ਜੁੜੇ ਰਹੇ ਤੇ ਸਾਲ 2017 ਵਿਚ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਨੇ ਇਸ ਮੌਕੇ ਕਿਹਾ ਕਿ ਬਾਦਲ ਤੇ ਕੈਪਟਨ ਪਰਵਾਰ ਦੀ ਸਾਂਝ ਕਾਰਨ ਲੰਬੀ ਹਲਕੇ 'ਚ ਖੁਡੀਆ ਨੂੰ ਚੋਣ ਮੈਦਾਨ 'ਚ ਨਹੀਂ ਉਤਾਰਿਆ ਗਿਆ। ਖੁਡੀਆ ਦੇ ਨਾਲ ਕਈ ਜਨਰਲ ਸੱਕਤਰ, ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਮੈਂਬਰ ਸ਼ਾਮਲ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਕ‍ਾਂਗਰਸ ਸਰਕਾਰ ਨੇ ਖੁਡੀਆ ਪਰਿਵਾਰ ਦਾ ਮੁੱਲ ਨਹੀਂ ਪਾਇਆ। ਸਰਕਾਰ ਕੋਈ ਵੀ ਹੋਵੇ ਲੰਬੀ 'ਚ ਬਾਦਲ ਪਰਿਵਾਰ ਦੇ ਕਹਿਣ 'ਤੇ ਅਫਸਰ ਤਾਇਨਾਤ ਕੀਤੇ ਜਾਂਦੇ ਹਨ।

'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਗੁਰਮੀਤ ਸਿੰਘ ਖੁਡੀਆ ਨੇ ਕਿਹਾ ਕਿ ਉਹ 17 ਸਾਲ ਕਾਂਗਰਸ ਨਾਲ ਜੁੜੇ ਰਹੇ। ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ। ਮੁਕਤਸਰ 'ਚ ਬਾਦਲ ਪਰਿਵਾਰ ਖਿਲਾਫ਼ ਚੱਲਣਾ ਬਹੁਤ ਔਖਾ ਹੈ ਪਰ ਉਹ ਲੜਾਈ ਲੜਦੇ ਰਹੇ। 2017 'ਚ ਉਹਨਾਂ ਨੂੰ ਕਾਂਗਰਸ ਦਾ ਉਮੀਦਵਾਰ ਐਲਾਨਿਆ ਗਿਆ ਸੀ ਪਰ ਐਨ ਆਖਰੀ ਮੌਕੇ 'ਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਚੋਣ ਲੜਨ ਦੀ ਇੱਛਾ ਕੀਤੀ ਤੇ ਚੋਣ ਮੈਦਾਨ 'ਚ ਉਤਰ ਗਏ। ਉਨ੍ਹਾਂ ਕਿਹਾ ਕਿ ਕੈਪਟਨ ਨੇ ਬਾਦਲ ਦੇ ਮੁਕਾਬਲੇ ਚੰਗੇ ਢੰਗ ਨਾਲ ਢੰਗ ਚੋਣ ਨਹੀਂ ਲੜੀ। ਜੇ ਕੈਪਟਨ ਸਹੀ ਢੰਗ ਨਾਲ ਚੋਣ ਲੜਦੇ ਤਾਂ ਨਤੀਜਾ ਹੋਰ ਹੁੰਦਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਮੁਕਤਸਰ ਜ਼ਿਲ੍ਹੇ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨਾਲ ਧੱਕੇਸ਼ਾਹੀ ਹੁੰਦੀ ਰਹੀ। ਹਰੀਸ਼ ਰਾਵਤ, ਜਾਖੜ ਸਮੇਤ ਕਿਸੇ ਨੇ ਗੱਲ ਨਹੀਂ ਸੁਣੀ। ਇਸ ਕਾਰਨ ਉਨ੍ਹਾਂ AAP 'ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਵਰਕਰ ਸਨਮਾਨ ਚਾਹੁੰਦੇ ਹਨ ਪਰ ਕਾਂਗਰਸ ਵਿੱਚ ਸਨਮਾਨ ਨਹੀਂ ਮਿਲਦਾ।

Posted By: Seema Anand