ਜੇਐੱਨਐੱਨ, ਪੰਚਕੂਲਾ : ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੇ ਕਾਤਲ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਉਮਰਕੈਦ ਅਤੇ 31 ਲੱਖ ਰੁਪਏ ਜੁਰਮਾਨਾ ਲੱਗਾ ਹੈ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ ਇਤਿਹਾਸਕ ਫ਼ੈਸਲਾ ਸੁਣਾਇਆ। ਇਸ ਵਾਰ ਰਾਮ ਰਹੀਮ ਸਮੇਤ ਹੋਰ ਦੋਸ਼ੀਆਂ ’ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ, ਜਿਸ ਦੀ ਅੱਧੀ ਰਾਸ਼ੀ ਪੀੜਤ ਪਰਿਵਾਰ ਨੂੰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ ਕੇਸ ਵਿਚ 20-20 ਸਾਲ ਦੀ ਸਜ਼ਾ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕੇਸ ਵਿਚ ਉਮਰਕੈਦ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਦੀ ਇਹ ਸਜ਼ਾ ਸਾਧਵੀ ਜਿਨਸੀ ਸ਼ੋਸ਼ਣ ਕੇਸ ਦੀ 20 ਸਾਲ ਦੀ ਸਜ਼ਾ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਜਦਕਿ ਰਾਮਚੰਦਰ ਛੱਤਰਪਤੀ ਹੱਤਿਆ ਕੇਸ ਵਿਚ ਹੋਈ ਉਮਰਕੈਦ ਦੇ ਨਾਲ ਇਹ ਸਜ਼ਾ ਚੱਲੇਗੀ। ਅਵਤਾਰ ਸਿੰਘ, ਕ੍ਰਿਸ਼ਣ ਲਾਲ, ਜਸਬੀਰ ਅਤੇ ਸਬਦਿਲ ਨੂੰ ਵੀ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ 45 ਪੰਨਿਆਂ ਦਾ ਫ਼ੈਸਲਾ ਸੁਣਾਇਆ ਹੈ। ਸੁਣਵਾਈ ਦੇ ਦੌਰਾਨ ਰਾਮ ਰਹੀਮ ਸਿੰਘ ਵੱਲੋਂ ਅੱਜ ਵੀ ਦਲੀਲ ਦਿੱਤੀ ਗਈ ਕਿ ਉਸ ਦਾ ਕੇਸ ਦੁਰਲਭ ਤੋਂ ਦੁਰਲਭ ਵਿਚ ਨਹੀਂ ਆਉਂਦਾ, ਇਸ ਲਈ ਉਸਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ।

ਰਾਮ ਰਹੀਮ ਨੇ ਕਿਹਾ ਕਿ ਉਸ ਨੇ ਬਹੁਤ ਚੰਗੇ ਕੰਮ ਕੀਤੇ ਹਨ, ਜਿਸ ਦਾ ਸੀਬੀਆਈ ਨੇ ਵਿਰੋਧ ਕਰਦੇ ਹੋਏ ਕਿਹਾ ਕਿ ਆਪਣੇ ਲੋਕਾਂ ਦੇ ਪੈਸਿਆਂ ਨਾਲ ਹੀ ਚੰਗੇ ਕੰਮ ਕੀਤੇ ਹੋਣਗੇ, ਪਰ ਤੁਹਾਡੇ ਚੰਗੇ ਕੰਮਾਂ ਨਾਲ ਤੁਹਾਡੇ ਗੁਨਾਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਰਾਮ ਰਹੀਮ ਦੇ ਵਕੀਲ ਅਜੈ ਵਰਮਨ ਨੇ ਸੁਪਰੀਮ ਕੋਰਟ ਦੇ ਕੁਝ ਮਾਮਲੇ ਵੀ ਅਦਾਲਤ ਦੇ ਸਾਹਮਣੇ ਰੱਖੇ, ਜਿਸਨੂੰ ਦੇਖਣ ਤੋਂ ਬਾਅਦ ਅਦਾਲਤ ਨੇ ਲੰਚ ਤੋਂ ਬਾਅਦ ਫ਼ੈਸਲਾ ਸੁਣਾਉਣ ਦੀ ਗੱਲ ਕਹੀ। ਦੁਪਹਿਰ ਬਾਅਦ ਸਵਾ ਚਾਰ ਵਜੇ ਸੀਬੀਆਈ ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਸਾਰੇ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਸੁਣਵਾਈ ਦੇ ਦੌਰਾਨ ਕੋਰਟ ਵਿਚ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਇਆ, ਜਦਕਿ ਹੋਰ ਦੋਸ਼ੀਆਂ ਨੂੰ ਸਖ਼ਤ ਸੁਰੱਖਿਆ ਵਿਚ ਅੰਬਾਲਾ ਜੇਲ੍ਹ ਤੋਂ ਪੰਚਕੂਲਾ ਕੋਰਟ ਲਿਆਂਦਾ ਗਿਆ। ਰਾਮ ਰਹੀਮ ਨੂੰ ਅੱਜ ਸਜ਼ਾ ਸੁਣਾਉਣ ਤੋਂ ਪਹਿਲਾਂ ਕੋਰਟ ਨੇ ਉਸਨੂੰ ਵੀ ਪੁੱਛਿਆ, ਤਾਂ ਉਸ ਨੇ ਕਿਹਾ ਕਿ ਮੈਨੂੰ ਨਿਆਪਾਲਿਕਾ ’ਤੇ ਭਰੋਸਾ ਹੈ ਅਤੇ ਮੈਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ।

Posted By: Seema Anand