ਕਮਲ ਜੋਸ਼ੀ, ਚੰਡੀਗੜ੍ਹ : ਲਗਪਗ ਦੋ ਮਹੀਨੇ ਤਕ ਜਾਰੀ ਰਹੇ ਕਰਫਿਊ ਤੇ ਲਾਕਡਾਊਨ ਕਾਰਨ ਪੰਜਾਬ 'ਚ ਪਹਿਲੀ ਤਿਮਾਹੀ ਦੀ ਜੀਐੱਸਟੀ ਕੁਲੈਕਸ਼ਨ ਲਗਪਗ ਅੱਧੀ ਰਹਿ ਗਈ ਹੈ। ਪੰਜਾਬ ਦੇ ਕਰ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ, ਮਾਰਚ-ਜੂਨ, 2020 'ਚ ਪੰਜਾਬ ਦੀ ਜੀਐੱਸਟੀ ਕੁਲੈਕਸ਼ਨ ਮਾਰਚ-ਜੂਨ, 2019 ਦੇ ਮੁਕਾਬਲੇ 49 ਫ਼ੀਸਦੀ ਘੱਟ ਰਹੀ। ਪਿਛਲੇ ਸਾਲ ਪਹਿਲੀ ਤਿਮਾਹੀ 'ਚ ਪੰਜਾਬ 'ਚ ਜਿੱਥੇ 3033 ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਹੋਇਆ ਸੀ, ਉੱਥੇ ਇਸ ਸਾਲ ਪਹਿਲੀ ਤਿਮਾਹੀ 'ਚ ਇਹ ਅੰਕੜਾ ਸਿਰਫ਼ 1539 ਕਰੋੜ ਰੁਪਏ ਗਿਆ ਹੈ।

ਹਾਲਾਂਕਿ ਜੂਨ ਦੇ ਮਹੀਨੇ 'ਚ ਵਧੀਆਂ ਰਿਆਇਤਾਂ ਤੋਂ ਬਾਅਦ ਜੀਐੱਸਟੀ ਕੁਲੈਕਸ਼ਨ 'ਚ ਤੇਜ਼ੀ ਨਾਲ ਸੁਧਾਰ ਆਇਆ ਹੈ ਤੇ ਅਪ੍ਰੈਲ, 2020 'ਚ 156 ਕਰੋੜ ਰੁਪਏ ਤਕ ਡਿੱਗਣ ਤੋਂ ਬਾਅਦ ਜੂਨ 'ਚ ਇਹ 869 ਕਰੋੜ ਰੁਪਏ 'ਤੇ ਆ ਗਈ ਹੈ। ਜੂਨ, 2019 'ਚ 969 ਕਰੋੜ ਰੁਪਏ ਦੀ ਜੀਐੱਸਟੀ ਕੁਲੈਕਸ਼ਨ ਤੋਂ ਇਹ ਸਿਰਫ਼ ਅੱਠ ਫ਼ੀਸਦੀ ਘੱਟ ਹੈ। ਜਦਕਿ ਅਪ੍ਰਰਲ ਮਹੀਨੇ 'ਚ ਕਰਫਿਊ ਦੌਰਾਨ ਜੀਐੱਸਟੀ ਕੁਲੈਕਸ਼ਨ 'ਚ ਪਿਛਲੇ ਸਾਲ ਦੇ ਮੁਕਾਬਲੇ 85 ਫੀਸਦੀ ਦੀ ਕਮੀ ਦਰਜ ਕੀਤੀ ਗਈ ਸੀ।

ਕਰਫਿਊ 'ਚ ਢਿੱਲ ਦਿੱਤੇ ਜਾਣ ਕਾਰਨ ਮਈ 'ਚ ਵੀ ਜੀਐੱਸਟੀ ਕੁਲੈਕਸ਼ਨ 'ਚ ਸੁਧਾਰ ਆਇਆ ਸੀ ਪਰ ਇਹ ਮਈ, 2019 ਦੇ 998 ਦੇ ਮੁਕਾਬਲੇ 48 ਫ਼ੀਸਦੀ ਦੀ ਕਮੀ ਦੇ ਨਾਲ 514 ਕਰੋੜ ਰੁਪਏ ਰਹੀ ਸੀ। ਪਹਿਲੀ ਤਿਮਾਹੀ 'ਚ ਜੀਐੱਸਟੀ ਕੁਲੈਕਸ਼ਨ 'ਚ ਹੋਈ ਕਮੀ ਦਾ ਸੂਬੇ ਦੇ ਇਸ ਸਾਲ ਦੀ ਮਾਲੀਆ ਪ੍ਰਾਪਤੀ ਦੇ ਟੀਚਿਆਂ 'ਤੇ ਮਾੜਾ ਅਸਰ ਪੈਣਾ ਲਾਜ਼ਮੀ ਹੈ। ਕਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੂਨ ਦੇ ਮਹੀਨੇ 'ਚ ਜੀਐੱਸਟੀ ਕੁਲੈਕਸ਼ਨ 'ਚ ਆਏ ਸੁਧਾਰ ਤੋਂ ਇਹ ਸੰਕੇਤ ਮਿਲਦੇ ਹਨ ਕਿ ਆਉਣ ਵਾਲੇ ਮਹੀਨਿਆਂ 'ਚ ਅੰਤਰਰਾਜੀ ਟਰਾਂਸਪੋਰਟ 'ਚ ਸੁਧਾਰ ਤੇ ਹਾਲੇ ਬੰਦ ਪਈਆਂ ਆਰਥਿਕ ਸਰਗਰਮੀਆਂ ਸ਼ੁਰੂ ਹੋਣ 'ਤੇ ਜੀਐੱਸਟੀ ਕੁਲੈਕਸ਼ਨ 'ਚ ਸੁਧਾਰ ਆਏਗਾ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੂਬਾ ਸਰਕਾਰ ਨੂੰ ਇਸ ਸਾਲ ਆਪਣੇ ਜੀਐੱਸਟੀ ਕੁਲੈਕਸ਼ਨ ਦੀ ਟੀਚਿਆਂ 'ਤੇ ਮੁੜ ਵਿਚਾਰ ਕਰਨ ਦੀ ਲੋੜ ਪੈ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ 15 ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਮੁੜ ਵਿਚਾਰ ਦੀ ਮੰਗ ਕਰ ਚੁੱਕੇ ਹਨ।

ਪੀਐੱਚਡੀ ਚੈਂਬਰਸ ਆਫ ਕਾਮਰਸ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਦਾ ਕਹਿਣਾ ਹੈ ਕਿ ਜੂਨ ਮਹੀਨੇ 'ਚ ਜੀਐੱਸਟੀ ਕੁਲੈਕਸ਼ਨ 'ਚ ਆਇਆ ਤੇਜ਼ ਸੁਧਾਰ ਪਿਛਲੇ ਦੋ ਮਹੀਨਿਆਂ 'ਚ ਰੁਕੀ ਮੰਗ ਦਾ ਵੀ ਨਤੀਜਾ ਹੈ। ਅਪ੍ਰਰੈਲ-ਮਈ 'ਚ ਕਣਕ ਦੀ ਖ਼ਰੀਦ ਨਾਲ ਅਰਥਚਾਰੇ 'ਚ ਆਈ ਨਕਦੀ ਨੇ ਵੀ ਮੰਗ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਨਾਲ ਲੋਕਾਂ ਦੀ ਖ਼ਰੀਦ ਸਮਰੱਥਾ ਵਧੀ।

ਉਨ੍ਹਾਂ ਕਿਹਾ ਕਿ ਆਟੋਮੋਬਾਈਲ, ਟੈਕਸਟਾਈਲ, ਨਿਰਮਾਣ, ਰੀਅਲ ਅਸਟੇਟ, ਸਨਅਤ ਤੇ ਹੋਟਲ ਇੰਡਸਟਰੀ 'ਚ ਆਰਥਿਕ ਸਰਗਰਮੀਆਂ ਰਫ਼ਤਾਰ ਫੜਨ ਲੱਗੀਆਂ ਹਨ ਪਰ ਇਨ੍ਹਾਂ ਨੂੰ ਕੋਵਿਡ ਤੋਂ ਪਹਿਲਾਂ ਦੀ ਸਥਿਤੀ ਤਕ ਆਉਣ 'ਚ ਹਾਲੇ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ।