ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 40.26 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅਨੁਸਾਰ ਸਮੱਗਰ ਸਿੱਖਿਆ ਮੁਹਿੰਮ ਤਹਿਤ 2021-22 ਲਈ 4026.05 ਲੱਖ ਰੁਪਏ ਦੀ ਇਹ ਗ੍ਰਾਂਟ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਵਿਕਾਸ ਲਈ ਜਾਰੀ ਕੀਤੀ ਗਈ ਹੈ। ਇਹ ਗ੍ਰਾਂਟ ਸਕੂਲਾਂ ਵਿਚ ਖ਼ਰਾਬ ਹਾਲਤ ਵਿਚ ਪਏ ਸਾਧਨਾਂ ਨੂੰ ਵਰਤੋਂ ਯੋਗ ਬਣਾਉਣ, ਖੇਡਾਂ ਦੇ ਸਾਮਾਨ ਦੀ ਖਰੀਦਦਾਰੀ, ਲੈਬਾਟਰੀਆਂ ਦੇ ਵਿਕਾਸ ਲਈ, ਬਿਜਲਈ ਖ਼ਰਚਿਆਂ, ਇੰਟਰਨੈੱਟ ਸੇਵਾਵਾਂ, ਪਾਣੀ ਦੇ ਪ੍ਰਬੰਧ ਅਤੇ ਸਿੱਖਣ-ਸਿਖਾਉਣ ਸਮੱਗਰੀ ਲਈ ਖ਼ਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ਵੱਲੋਂ ਇਮਾਰਤ ਦੇ ਰੱਖ-ਰਖਾਅ, ਪਖਾਨਿਆਂ ਅਤੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਇਹ ਰਾਸ਼ੀ ਵਰਤੋਂ 'ਚ ਲਿਆਂਦੀ ਜਾ ਸਕਦੀ ਹੈ।

ਬੁਲਾਰੇ ਨੇ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਲਈ 331.50 ਲੱਖ ਰੁਪਏ, ਬਰਨਾਲਾ ਲਈ 70.15 ਲੱਖ ਰੁਪਏ, ਬਠਿੰਡਾ ਲਈ 171.31 ਲੱਖ ਰੁਪਏ, ਫ਼ਰੀਦਕੋਟ ਜ਼ਿਲ੍ਹੇ ਲਈ 104.10 ਲੱਖ ਰੁਪਏ, ਫ਼ਤਹਿਗੜ੍ਹ ਸਾਹਿਬ ਲਈ 113.65 ਲੱਖ ਰੁਪਏ, ਫ਼ਾਜ਼ਿਲਕਾ ਜ਼ਿਲ੍ਹੇ ਲਈ 192.95 ਲੱਖ ਰੁਪਏ, ਫਿਰੋਜ਼ਪੁਰ ਲਈ 193.10 ਲੱਖ ਰੁਪਏ, ਗੁਰਦਾਸਪੁਰ ਲਈ 265.50 ਲੱਖ ਰੁਪਏ, ਹੁਸ਼ਿਆਰਪੁਰ ਜ਼ਿਲ੍ਹੇ 224.05 ਲੱਖ ਰੁਪਏ, ਜਲੰਧਰ ਜ਼ਿਲ੍ਹੇ 269.50 ਲੱਖ ਰੁਪਏ, ਕਪੂਰਥਲਾ ਲਈ 135.90 ਲੱਖ ਰੁਪਏ, ਲੁਧਿਆਣਾ ਲਈ 350.70 ਲੱਖ ਰੁਪਏ, ਮਾਨਸਾ ਲਈ 122.15 ਲੱਖ ਰੁੁਪਏ, ਮੋਗਾ ਲਈ 137.70 ਲੱਖ ਰੁਪਏ, ਮੋਹਾਲੀ ਲਈ 153.90 ਲੱਖ ਰੁਪਏ, ਮੁਕਤਸਰ ਲਈ 139.30 ਲੱਖ ਰੁਪਏ, ਨਵਾਂ ਸ਼ਹਿਰ ਲਈ 107.85 ਲੱਖ ਰੁਪਏ, ਪਠਾਨਕੋਟ ਲਈ 86.65 ਲੱਖ ਰੁਪਏ, ਪਟਿਆਲਾ ਲਈ 280.85 ਲੱਖ ਰੁਪਏ, ਰੂਪਨਗਰ ਲਈ 130.85 ਲੱਖ ਰੁਪਏ, ਸੰਗਰੂਰ ਲਈ 222.65 ਲੱਖ ਰੁਪਏ ਅਤੇ ਤਰਨਤਾਰਨ ਜ਼ਿਲ੍ਹੇ ਲਈ 189.75 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।