ਜੈ ਸਿੰਘ ਛਿੱਬਰ, ਚੰਡੀਗੜ੍ਹ : ਸ਼ਰਾਬ ਮਾਫ਼ੀਆ ਖ਼ਤਮ ਕਰਨ ਤੇ ਜ਼ਹਿਰੀਲੀ ਸ਼ਰਾਬ ਨਾਲ ਲੋਕਾਂ ਦੀਆਂ ਜਾਨਾਂ ਲੈਣ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਲਈ ਪੰਜਾਬ ਸਰਕਾਰ ਆਬਕਾਰੀ ਐਕਟ ਵਿਚ ਸੋਧ ਕਰੇਗੀ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਸ਼ਾਮ ਨੂੰ 'ਮੁੱਖ ਮੰਤਰੀ ਨੂੰ ਸਵਾਲ' ਪ੍ਰਰੋਗਰਾਮ ਤਹਿਤ ਸੋਸ਼ਲ ਮੀਡੀਆ 'ਤੇ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਆਬਕਾਰੀ ਐਕਟ ਵਿਚ ਸੋਧ ਕਰਨਾ ਜ਼ਰੂਰੀ ਹੈ, ਕਿਉਂਕਿ ਆਬਕਾਰੀ ਐਕਟ ਵਿਚ ਸਖ਼ਤ ਸਜ਼ਾਵਾਂ ਨਹੀਂ ਹਨ, ਦੋਸ਼ੀ ਜਲਦ ਰਿਹਾਅ ਹੋ ਜਾਂਦਾ ਹੈ। ਅੱਜ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਜਿਸ ਔਰਤ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ, ਉਸ ਖਿਲਾਫ਼ 14 ਕੇਸ ਦਰਜ ਹਨ ਪਰ ਫਿਰ ਵੀ ਉਹ ਸ਼ਰਾਬ ਦਾ ਨਾਜਾਇਜ਼ ਧੰਦਾ ਕਰ ਰਹੀ ਹੈ।

ਕੈਪਟਨ ਨੇ ਕਿਹਾ ਕਿ ਸ਼ਰਾਬ ਮਾਮਲੇ ਵਿਚ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਾਂਗਰਸ ਪਾਰਟੀ ਨਾਲ ਸਬੰਧਤ ਕੋਈ ਵਿਅਕਤੀ, ਸਿਆਸਤਦਾਨ, ਪੁਲਿਸ ਅਫ਼ਸਰ, ਵੱਡੇ ਵਪਾਰੀ ਜਾਂ ਕੋਈ ਹੋਰ ਅਫ਼ਸਰ ਕਿਉਂ ਨਾ ਹੋਵੇ। ਉਹ 10 ਦਿਨਾਂ ਵਿਚ ਸ਼ਰਾਬ ਸਮੱਗਲਿੰਗ ਦਾ ਅੰਤ ਦੇਖਣਾ ਚਾਹੁੰਦੇ ਹਨ ਅਤੇ ਇਹ ਸੰਦੇਸ਼ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਤਿੰਨ ਜ਼ਿਲਿ੍ਹਆਂ ਵਿਚ ਦੁਖਾਂਤ ਵਾਪਰਿਆ ਹੈ ਪਰ ਉਨ੍ਹਾਂ ਪੁਲਿਸ ਨੂੰ ਪੂਰੇ ਪੰਜਾਬ ਵਿਚ ਮੁਹਿੰਮ ਚਲਾਉਣ ਤੇ ਵੱਡੇ ਤੋਂ ਵੱਡੇ ਬੰਦੇ ਨੂੰ ਫੜਨ ਨੂੰ ਕਹਿ ਦਿੱਤਾ ਹੈ। ਮੁੱਖ ਮੰਤਰੀ ਨੇ ਅਫਸੋਸ ਪ੍ਰਗਟ ਕਰਦਿਆਂ ਕਿ ਇਹ (ਸ਼ਰਾਬ ਨਾਲ ਮੌਤਾਂ) ਦੁਰਘਟਨਾ ਨਹੀਂ, ਬਲਕਿ ਕਤਲ ਹਨ, ਕਿਉਂਕ ਇਹ ਜਾਣਦੇ ਹੋਏ ਕਿ ਸ਼ਰਾਬ ਪੀਣ ਨਾਲ ਮੌਤ ਹੋ ਸਕਦੀ ਹੈ ਤਾਂ ਵੀ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਰਕਾਰ ਅਦਾਲਤਾਂ ਵਿਚ ਚੰਗੇ ਪ੍ਰੋਸੀਕਿਊਟਰ (ਸਰਕਾਰੀ ਵਕੀਲ) ਪੇਸ਼ ਕਰੇਗੀ। ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਸ਼ਰਾਬ ਤੇ ਡਰੱਗ ਮਾਫੀਆ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਕੰਮ ਹੈ ਅਤੇ ਕੋਰੋਨਾ ਨੂੰ ਖ਼ਤਮ ਕਰਨਾ ਪੰਜਾਬ ਵਾਸੀਆਂ ਦਾ ਕੰਮ ਹੈ।