ਸੁਮੇਸ਼ ਠਾਕੁਰ, ਚੰਡੀਗੜ੍ਹ : ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਹੱਲੋਮਾਜਰਾ 'ਚ ਚੱਲ ਰਹੇ ਟੀਨ ਸ਼ੈੱਡ ਸਕੂਲ ਦਾ ਦੌਰਾ ਕੀਤਾ ਅਤੇ ਸਿੱਖਿਆ ਵਿਭਾਗ ਸਣੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਕੂਲਾਂ 'ਚ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨ ਦੇ ਹੁਕਮ ਦਿੱਤੇ। ਪ੍ਰਸ਼ਾਸਕ ਦੇ ਹੁਕਮਾਂ ਦੇ ਬਾਵਜੂਦ ਵੀ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਮੁੱਢਲੀਆਂ ਸਹੂਲਤਾਂ ਮੁਹੱਈਆ ਨਹੀਂ ਕੀਤੀਆਂ ਗਈਆਂ ਅਤੇ ਇਕ ਜੁਲਾਈ ਤੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਾਰੇ ਸਕੂਲ ਫਿਰ ਖੁੱਲ੍ਹਣ ਜਾ ਰਹੇ ਹਨ।

ਹੁਕਮਾਂ ਅਨੁਸਾਰ ਸਿੱਖਿਆ ਵਿਭਾਗ ਨੇ ਇਕ ਮਹੀਨੇ 'ਚ ਇਨ੍ਹਾਂ ਸਹੂਲਤਾਂ ਨੂੰ ਪੂਰਾ ਕਰਨ ਦੀ ਰਿਪੋਰਟ ਪ੍ਰਸ਼ਾਸਕ ਨੂੰ ਸੌਂਪਣੀ ਹੈ। ਵਧੀਆ ਕਾਰਗੁਜ਼ਾਰੀ ਦੇਣ ਲਈ ਸਿੱਖਿਆ ਸਕੱਤਰ ਪੁਰਵਾ ਗਰਗ ਦੀ ਅਗਵਾਈ 'ਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਲੋਂ ਸਕੂਲਾਂ ਦਾ ਨਿਰੀਖਣ ਕੀਤਾ ਗਿਆ ਤੇ ਮੁੱਢਲੀਆਂ ਸਹੂਲਤਾਂ ਨੂੰ ਪੂਰਾ ਕਰਨ ਲਈ ਇੰਜੀਨੀਅਰਿੰਗ, ਇਲੈਕਟ੍ਰੀਸਿਟੀ, ਹਲਟੀਕਲਚਰ, ਸੀਵਰੇਜ ਵਰਗੇ ਵਿਭਾਗਾਂ ਨਾਲ ਰਾਬਤਾ ਕਾਇਮ ਕੀਤਾ ਪਰ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਕਈ ਸਕੂਲਾਂ ਦੀ ਸਥਿਤੀ 'ਚ ਸੁਧਾਰ ਨਹੀਂ ਹੋ ਸਕਿਆ।

----------

ਬਾਕਸ

ਬਿਜਲੀ ਟ੍ਾਂਸਫਾਰਮਰ ਦੇ ਰਿਹਾ ਵੱਡੇ ਹਾਦਸੇ ਨੂੰ ਸੱਦਾ

ਗੌਰਮਿੰਟ ਮਾਡਲ ਹਾਈ ਸਕੂਲ ਬਹਿਲਾਣਾ ਦੇ ਖੇਡ ਮੈਦਾਨ 'ਚ ਕਲਾਸਰੂਮ ਦੇ ਨੇੜੇ ਵੱਡਾ ਟ੍ਾਂਸਫਾਰਮਰ ਹੈ ਜੋ ਕਿ ਖੇਡਣ ਸਮੇਂ ਬੱਚਿਆਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ ਤੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਸਕੂਲ ਪਿ੍ਰੰਸੀਪਲ ਰੀਨੂ ਗੁਪਤਾ ਸਮੇਤ ਵਿਭਾਗ ਦੇ ਆਲ੍ਹਾ ਅਧਿਕਾਰੀ ਟ੍ਾਂਸਫਾਰਮਰ ਨੂੰ ਇਥੋਂ ਹਟਾਏ ਜਾਣ ਦੀ ਕਈ ਵਾਰ ਅਪੀਲ ਕਰ ਚੁੱਕੇ ਹਨ ਪਰ ਸਥਿਤੀ ਜਿਉਂ ਦੀ ਤਿਉਂ ਹੈ।

-----------

ਕੂੜੇ ਦੇ ਲੱਗੇ ਹਨ ਢੇਰ

ਗੌਰਮਿੰਟ ਮਾਡਲ ਸੀਨੀ. ਸੈਕੰ. ਸਕੂਲ ਸੈਕਟਰ-46 'ਚ ਦਰਜਾ ਚਾਰ ਕਰਮਚਾਰੀਆਂ ਦੇ ਕਮੀ ਹੋਣ ਕਾਰਨ ਪੱਤਿਆਂ ਦੇ ਢੇਰ ਲੱਗੇ ਹੋਏ ਹਨ। ਇਨ੍ਹਾਂ ਨੂੰ ਚੁੱਕਣ ਲਈ ਸਕੂਲ ਪਿ੍ਰੰਸੀਪਲ ਸੰਜੀਵ ਸਿੰਗਲਾ ਨੇ ਕਈ ਵਾਰ ਹਲਟੀਕਲਚਰ ਵਿਭਾਗ ਨਾਲ ਕਈ ਵਾਰ ਰਾਬਤਾ ਸਾਧਿਆ ਪਰ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।

-------------

ਖਸਤਾਹਾਲ ਸਕੂਲ ਇਮਾਰਤ

ਗੌਰਮਿੰਟ ਮਾਡਲ ਮਿਡਲ ਸਕੂਲ ਸੈਕਟਰ-49 ਦੀ ਇਮਾਰਤ ਸਾਲ 2015 'ਚ ਬਣ ਕੇ ਤਿਆਰ ਹੋਈ। ਸਕੂਲ ਇਮਾਰਤ ਦੀ ਪਿਛਲੀ ਦੀਵਾਰ ਸਿੱਲ੍ਹ ਕਾਰਨ ਜਰਜਰ ਹੋ ਰਹੀ ਹੈ, ਜਿਸ ਨੂੰ ਠੀਕ ਕਰਵਾਉਣ ਲਈ ਕਈ ਵਾਰ ਇੰਜੀ. ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਪਰ ਕੋਈ ਕਰਮਚਾਰੀ ਇਸ ਸਬੰਧੀ ਇਥੇ ਨਹੀਂ ਪਹੁੰਚਿਆ।