ਸਟੇਟ ਬਿਊਰੋ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਾਂਗਰਸ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਸੂਬੇ 'ਚ ਮਾਫੀਆ ਦੀ ਸਰਕਾਰ ਚੱਲ ਰਹੀ ਹੈ। ਜਿਵੇਂ ਰੋਮ ਚੱਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ, ਉਸੇ ਤਰ੍ਹਾਂ ਪੰਜਾਬ 'ਚ ਵੱਖ-ਵੱਖ ਮਾਫੀਆ ਦਾ ਰਾਜ ਹੈ ਤੇ ਮੁੱਖ ਮੰਤਰੀ ਆਪਣੇ ਫਾਰਮ ਹਾਊਸ 'ਚ ਆਰਾਮ ਫਰਮਾ ਰਹੇ ਹਨ। ਸੂਬਾ ਪ੍ਰਧਾਨ ਨੇ ਕਿਹਾ ਕਿ ਹੁਣ ਵਿਰੋਧੀ ਧਿਰ ਹੀ ਨਹੀਂ ਸਗੋ ਸੱਤਾਧਾਰੀ ਵਿਧਾਇਕ ਵੀ ਦੋਸ਼ ਲਗਾ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਸਰਕਾਰ ਦੇ ਕੰਨ 'ਤੇ ਜੂੰ ਤਕ ਨਹੀਂ ਰੇਂਗ ਰਹੀ।

ਭਾਜਪਾ ਦੇ ਸੂਬਾ ਪ੍ਰਦਾਨ ਨੇ ਕਿਹਾ ਕਿ ਲਾਕਡਾਊਨ ਤੇ ਕਰਫਿਊ ਦੌਰਾਨ ਸ਼ਰੇਆਮ ਨਾਜਾਇਜ਼ ਸ਼ਰਾਬ ਵੇਚੀ ਗਈ। ਸਾਰਿਆਂ ਨੂੰ ਇਹ ਵਿਖਿਆ ਪਰ ਮੁੱਖ ਮੰਤਰੀ ਤੇ ਪ੍ਰਸ਼ਾਸਨ ਨੂੰ ਇਹ ਨਹੀਂ ਵਿਖਿਆ। ਜਾਂ ਤਾਂ ਫਿਰ ਮੁੱਖ ਮੰਤਰੀ ਇਸ ਨੂੰ ਵੇਖਣਾ ਹੀ ਨਹੀਂ ਚਾਹੁੰਦੇ ਸਨ ਤੇ ਉਨ੍ਹਾਂ ਨੇ ਖੁਦ ਹੀ ਆਪਣਾ ਸਮਰਥਨ ਸ਼ਰਾਬ ਮਾਫੀਆ ਨੂੰ ਦੇ ਦਿੱਤਾ। ਕਿਉਂਕਿ ਨਾਜਾਇਜ਼ ਸ਼ਰਾਬ ਵਿਕਰੀ ਦੀ ਜਾਂਚ ਦੀ ਮੰਗ ਖੁਦ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੇ ਕੀਤੀ। ਇਸ ਦੇ ਬਾਵਜੂਦ ਮੰਤਰੀ ਨੇ ਕੋਈ ਕਦਮ ਨਹੀਂ ਚੁੱਕਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ, ਇਕ ਪਾਸੇ ਤਾਂ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਰਿਆਇਤ ਨਹੀਂ ਦੇ ਰਹੀ ਪਰ ਮਾਈਨਿੰਗ ਵਾਲਿਆਂ ਨੂੰ ਰਿਆਇਤ ਦਿੱਤੀ ਜਾ ਰਹੀ ਹੈ। ਜਦਕਿ ਸਾਰਿਆਂ ਨੂੰ ਦਿਖ ਰਿਹਾ ਹੈ ਕਿ ਪੰਜਾਬ 'ਚ ਮਾਈਨਿੰਗ ਦੀ ਕਿੰਨੀ ਵੱਡੀ ਖੇਡ ਚੱਲ ਰਹੀ ਹੈ। ਇਕ ਨੰਬਰ 'ਚ ਜੇਕਰ ਇਕ ਟਰੱਕ ਨਿਕਲ ਰਿਹਾ ਹੈ ਤਾਂ ਦੋ ਨੰਬਰ 'ਚ 10 ਟਰੱਕ ਬਿਨਾਂ ਕਿਸੇ ਰੋਕਟੋਕ ਦੇ ਲੰਘ ਰਹੇ ਹਨ। ਸਾਰਾ ਕੁਝ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਹੁਣ ਹੱਦ ਤਾਂ ਇਹ ਹੋ ਗਈ ਹੈ ਕਿ ਕੈਬਨਿਟ ਮੰਤਰੀ ਦੀ ਸ਼ਹਿ 'ਤੇ ਕਿਸਾਨਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ। ਬੀਜ ਘੁਟਾਲੇ ਤੋਂ ਵੱਡਾ ਸਬੂਤ ਹੋਰ ਕੋਈ ਨਹੀਂ ਹੈ। ਭਾਜਪਾ ਪ੍ਰਧਾਨ ਨੇ ਸਵਾਲ ਕੀਤਾ ਕਿ ਮਾਈਨਿੰਗ ਮਾਮਲੇ ਤੇ ਬੀਜ ਘੁਟਾਲੇ 'ਤੇ ਆਖਰ ਮੁੱਖ ਮੰਤਰੀ ਚੁੱਪ ਕਿਉਂ ਹਨ। ਆਖਰ ਉਹ ਕਿਹੜਾ ਦਬਾਅ ਹੈ ਜਿਸ ਹੇਠਾਂ ਮੱੁਖ ਮੰਤਰੀ ਕਾਰਵਾਈ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਉਨ੍ਹਾਂ ਨੇ ਗਰੀਬ ਵਰਗ ਤੇ ਮਜ਼ਦੂਰਾਂ ਲਈ ਕੀ ਕੀਤਾ। ਸੂਬਾ ਸਰਕਾਰ ਨੇ ਲਾਕਡਾਊਨ ਦੌਰਾਨ ਆਪਣੇ ਪੱਧਰ 'ਤੇ ਕੀ-ਕੀ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਅਜਿਹੇ ਸਵਾਲ ਮੁੱਖ ਮੰਤਰੀ ਦਾ ਪਿੱਛਾ ਨਹੀਂ ਛੱਡਣਗੇ, ਚਾਹੇ ਉਹ ਕਿੰਨਾ ਵੀ ਦੌੜ ਲੈਣ।