ਜੈ ਸਿੰਘ ਛਿੱਬਰ, ਚੰਡੀਗੜ੍ਹ : ਇਕ ਅਪ੍ਰੈਲ ਤੋਂ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਭਾਵੇਂ ਕਿ ਸਰਕਾਰੀ ਤੌਰ ’ਤੇ ਕਣਕ ਦੀ ਖਰੀਦ ਸ਼ਨਿਚਰਵਾਰ ਤੋਂ ਸ਼ੁਰੂ ਹੋ ਜਾਵੇਗੀ ਪਰ ਪਿਛਲੇ ਦਿਨਾਂ ਤੋਂ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਣਕ ਦੀ ਵਾਢੀ ਦਾ ਕੰਮ ਪੱਛੜ ਗਿਆ ਹੈ, ਜਿਸ ਕਾਰਨ ਮੰਡੀਆਂ ’ਚ ਕਣਕ ਵਿਸਾਖੀ ਦੇ ਨੇੜ੍ਹੇ-ਤੇੜ੍ਹੇ ਆਉਣ ਦੀ ਸੰਭਾਵਨਾ ਹੈ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾੜ੍ਹੀ ਖ਼ਰੀਦ ਸੀਜ਼ਨ ਲਈ ਕਣਕ ਦੀ ਖ਼ਰੀਦ ਵਾਸਤੇ ਪੰਜਾਬ ਨੂੰ 29 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ (ਸੀਸੀਐੱਲ) ਨੂੰ ਪ੍ਰਵਾਨਗੀ ਦਿੰਦਿਆਂ 25,445 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਵੀ ਕਰ ਦਿੱਤੀ ਹੈ। ਖੇਤੀਬਾੜੀ ਮਾਹਿਰਾਂ ਅਤੇ ਕਿਸਾਨ ਆਗੂਆਂ ਨੂੰ ਬੇਮੌਸਮੀ ਮੀਂਹ ਤੇ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸੂਬਾ ਸਰਕਾਰ ਨੇ ਭਾਰੀ ਬਾਰਿਸ਼ ਅਤੇ ਗੜੇਮਾਰੀ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਹੋਏ ਹਨ ਪਰ ਅਜੇ ਤੱਕ ਗਿਰਦਾਵਰੀ ਦਾ ਕੰਮ ਨੇਪਰੇ ਨਹੀਂ ਚੜਿ੍ਹਆ। ਖੇਤੀਬਾੜੀ ਵਿਭਾਗ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਵਿਭਾਗ ਦਾ ਅਮਲਾ ਫਸਲਾਂ ਦੇ ਹੋਏ ਨੁਕਸਾਨ ਦਾ ਪਿੰਡਾਂ ਵਿਚ ਜਾਇਜ਼ਾ ਲੈ ਰਿਹਾ ਹੈ ਅਤੇ ਆਗਾਮੀ ਇਕ ਦੋ ਦਿਨਾਂ ’ਚ ਰਿਪੋਰਟ ਆਉਣ ਦੀ ਸੰਭਾਵਨਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਦਾ ਮੰਨਣਾ ਹੈ ਕਿ ਪਹਿਲੀ ਵਾਰ ਮੀਂਹ ਤੇ ਗੜੇਮਾਰੀ ਨੇ ਸਮੁੱਚੇ ਪੰਜਾਬ ਵਿਚ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਹੈ। ਜਿਹੜੇ ਇਲਾਕਿਆਂ ਵਿਚ ਤੇਜ਼ ਬਾਰਸ਼, ਗੜੇਮਾਰੀ ਤੇ ਤੇਜ਼ ਹਵਾਵਾਂ ਚੱਲੀਆਂ ਹਨ, ਉਥੇ ਕਣਕ ਦਾ ਵੱਧ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਇਕ ਉੱਚ ਅਧਿਕਾਰੀ ਅਨੁਸਾਰ ਪਟਿਆਲਾ, ਗੁਰਦਾਸਪੁਰ, ਫਾਜ਼ਿਲਕਾ, ਅੰਮ੍ਰਿਤਸਰ, ਬਰਨਾਲਾ, ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਜ਼ਿਆਦਾ ਨੁਕਸਾਨ ਦੀਆਂ ਰਿਪੋਰਟਾਂ ਪੁੱਜੀਆਂ ਹਨ।
--
34.90 ਲੱਖ ਹੈਕਟੇਅਰ ’ਚ ਬੀਜੀ ਹੈ ਕਣਕ
ਖੇਤੀਬਾੜੀ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਇਸ ਸਾਲ 34.90 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਹੈ, ਜਦਕਿ ਪਿਛਲੇ ਸਾਲ 35.21 ਲੱਖ ਹੈਕਟੇਅਰ ਰਕਬੇ ’ਚ ਕਣਕ ਬੀਜੀ ਗਈ ਸੀ। ਇਕ ਤਾਂ ਪਹਿਲਾਂ ਹੀ ਕਣਕ ਹੇਠ ਰਕਬਾ ਘੱਟ ਗਿਆ ਹੈ, ਦੂਜਾ ਮੀਂਹ ਤੇ ਗੜੇਮਾਰੀ ਨੇ ਕਣਕ ਦਾ ਵੱਡਾ ਨੁਕਸਾਨ ਕੀਤਾ ਹੈ।
--
ਮੰਡੀਆਂ ’ਚ ਫਸਟਏਡ ਦਾ ਕੀਤਾ ਪ੍ਰਬੰਧ - ਕਟਾਰੂਚੱਕ
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਹੈ ਕਿ ਸਰਕਾਰ ਨੇ ਕਣਕ ਖਰੀਦਣ ਲਈ ਪੁਖਤਾ ਪ੍ਰਬੰਧ ਕੀਤੇ ਹਨ। 1868 ਖਰੀਦ ਕੇਂਦਰਾਂ (ਮੰਡੀਆਂ) ’ਚ ਕਣਕ ਦੀ ਖਰੀਦ ਕੀਤੀ ਜਾਵੇਗੀ। ਪਹਿਲੀ ਵਾਰ ਹੈ ਕਿ ਮੰਡੀਆਂ ਵਿਚ ਫਸਟ ਏਡ (ਮੁੱਢਲੀ ਸਹਾਇਤਾ) ਦਾ ਪ੍ਰਬੰਧ ਕੀਤਾ ਗਿਆ ਹੈ। ਮੰਡੀਆਂ ’ਚ ਕੇਂਦਰੀ ਖਰੀਦ ਏਜੰਸੀ ਐੱਫਸੀਆਈ ਸਮੇਤ ਸੂਬੇ ਦੀਆਂ ਖਰੀਦ ਏਜੰਸੀਆਂ ਨੇ ਆਪਣੇ ਹਿੱਸੇ ਮੁਤਾਬਿਕ ਕਣਕ ਖਰੀਦਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ।
Posted By: Jaswinder Duhra