ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਲੋਕਾਂ ਦਾ ਇਕ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਮਿਲਣ ਦਾ ਖਦਸ਼ਾ ਦੂਰ ਹੋ ਗਿਆ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਕਿ ਅੱਜ ਤੋਂ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਇਸ ਦੇ ਨਾਲ ਹੀ ਇਹ ਸਾਫ਼ ਹੋ ਗਿਆ ਹੈ ਕਿ ਇਕ ਜੁਲਾਈ ਯਾਨੀ ਅੱਜ ਤੋਂ ਯੋਜਨਾ ਲਾਗੂ ਹੋ ਗਈ ਹੈ। ਇਸ ਤਰ੍ਹਾਂ 2 ਮਹੀਨੇ ਦੇ ਬਿਜਲੀ ਬਿੱਲ ਵਿਚ 600 ਯੂਨਿਟ ਮੁਫ਼ਤ ਮਿਲਣਗੇ ਪਰ ਜੇਕਰ ਇਕ ਯੂਨਿਟ ਵਿਚ 600 ਤੋਂ ਉੱਪਰ ਗਿਆ ਤਾਂ ਪੂਰਾ ਬਿੱਲ ਭਰਨਾ ਪਵੇਗਾ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵੀ ਪੰਜਾਬ ਦੇ ਲੋਕਾਂ ਨੂੰ ਇਹ ਰਾਹਤ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ ਹੈ।

ਇਸ ਦੇ ਨਾਲ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਇਕ ਹੋਰ ਵਾਅਦਾ ਪੂਰਾ ਕਰ ਦਿੱਤਾ ਹੈ। ਦਰਅਸਲ 27 ਜੂਨ ਨੂੰ ਪੇਸ਼ ਕੀਤੇ ਗਏ ਬਜਟ ਵਿਚ ਵੀ ਇਸ ਸਬੰਧੀ ਐਲਾਨ ਕਰ ਦਿੱਤਾ ਗਿਆ ਸੀ ਪਰ ਲੋਕ ਭੰਬਲਭੂਸੇ 'ਚ ਸਨ ਕਿ ਵਾਕਈ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ ਪਰ ਅੱਜ ਹਰਜੋਤ ਬੈਂਸ ਵੱਲੋਂ ਕੀਤੇ ਗਏ ਟਵੀਟ ਨੇ ਸਥਿਤੀ ਕਲੀਅਰ ਕਰ ਦਿੱਤੀ ਹੈ। ਇਹ ਆਮ ਵਰਗ ਲਈ ਬਹੁਤ ਵੱਡੀ ਰਾਹਤ ਹੈ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਕ ਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਅੱਜ ਤੋਂ ਯਾਨੀ 1 ਜੁਲਾਈ ਤੋਂ 300 ਯੂਨਿਟ ਮੁਫ਼ਤ ਮਿਲਣਗੇ। ਉਨ੍ਹਾਂ ਲਿਖਿਆ ਕਿ ਪਿਛਲੀ ਸਰਕਾਰਾਂ ਚੋਣਾਂ ਦੌਰਾਨ ਵਾਅਦੇ ਕਰਦੀਆਂ ਸਨ। ਪੂਰੇ ਹੁੰਦਿਆਂ 5 ਸਾਲ ਲੰਘ ਜਾਂਦੇ ਸਨ। ਪਰ ਸਾਡੀ ਸਰਕਾਰ ਪੰਜਾਬ ਦੇ ਇਤਿਹਾਸ 'ਚ ਨਵੀਂ ਪਿਰਤ ਪਾ ਚੁੱਕੀ ਹੈ। ਅੱਜ ਪੰਜਾਬੀਆਂ ਨਾਲ ਕੀਤੀ ਇਕ ਹੋਰ ਗਾਰੰਟੀ ਪੂਰੀ ਕਰਨ ਜਾ ਰਹੇ ਹਾਂ। ਅੱਜ ਤੋਂ ਪੂਰੇ ਪੰਜਾਬ 'ਚ ਹਰ ਪਰਿਵਾਰ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਮਿਲਣਗੇ।

ਨੋਟੀਫਿਕੇਸ਼ਨ 'ਚ ਸਪੱਸ਼ਟ ਹੋਣਗੇ ਸਾਰੇ ਨਿਯਮ

ਇਕ ਪਾਸੇ ਸਰਕਾਰ ਨੇ 1 ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਬਜਟ 'ਚ ਵਿਵਸਥਾ ਕੀਤੀ ਹੈ। ਦੂਜੇ ਪਾਸੇ ਲੋਕਾਂ ਤੇ ਅਧਿਕਾਰੀਆਂ ਦੇ ਮਨਾਂ 'ਚ ਇਸ ਗੱਲ ਨੂੰ ਲੈ ਕੇ ਸ਼ੱਕ ਹੈ ਕਿ ਇਸ ਦਾ ਫਾਇਦਾ ਕਿਸ ਨੂੰ ਅਤੇ ਕਿਵੇਂ ਮਿਲੇਗਾ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਨੇ ਅਜੇ ਤਕ ਇਸ ਸਕੀਮ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਇਸ ਸਕੀਮ ਦੇ ਲਾਭ ਤੇ ਯੋਗਤਾ ਬਾਰੇ ਸਥਿਤੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਕਈ ਬਿੰਦੂਆਂ 'ਤੇ ਉਲਝਣ

ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਸਕੀਮ ਦਾ ਲਾਭ ਸਿਰਫ਼ 2 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਮਿਲੇਗਾ। ਇਸ ਤੋਂ ਬਾਅਦ ਜਲੰਧਰ ਸਮੇਤ ਸੂਬੇ ਦੇ ਕਈ ਸ਼ਹਿਰਾਂ 'ਚ ਲੋਕਾਂ 'ਚ ਆਪਣੇ ਕੁਨੈਕਸ਼ਨ ਦਾ ਲੋਡ 2 ਕਿਲੋਵਾਟ ਤੋਂ ਘਟਾਉਣ ਦੀ ਹੋੜ ਲੱਗ ਗਈ। ਬਾਅਦ ਵਿੱਚ ਸਰਕਾਰ ਨੇ ਇਸ ਸਕੀਮ ਦਾ ਲਾਭ ਹਰ ਪਰਿਵਾਰ ਨੂੰ ਦੇਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਸੰਯੁਕਤ ਪਰਿਵਾਰਾਂ 'ਚ ਰਹਿਣ ਵਾਲੇ ਵੱਡੀ ਗਿਣਤੀ ਲੋਕਾਂ ਨੇ ਵੀ ਸਕੀਮ ਦਾ ਲਾਭ ਲੈਣ ਲਈ ਵੱਖਰੇ ਮੀਟਰ ਲਗਾਉਣ ਲਈ ਅਪਲਾਈ ਕੀਤਾ। ਹਾਲਾਂਕਿ ਇਸ ਦਾ ਫਾਇਦਾ ਕਿਸ ਨੂੰ ਮਿਲ ਸਕਦਾ ਹੈ, ਇਸ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ।

ਪੰਜਾਬ ਦੇ ਲੋਕਾਂ ਨੂੰ ਵੀ ਮਹਿੰਗੀ ਬਿਜਲੀ ਤੋਂ ਛੁਟਕਾਰਾ ਮਿਲੇਗਾ : ਕੇਜਰੀਵਾਲ

‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰ ਕੇ ਆਪਣੀ ਸਰਕਾਰ ਦੀ ਤਰੀਫ਼ ਕੀਤੀ ਅਤੇ ਕਿਹਾ, ਪੰਜਾਬ ਦੇ ਲੋਕਾਂ ਨੂੰ ਵਧਾਈ, ਅੱਜ ਤੋਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਮਿਲੇਗੀ। ਲੱਖਾਂ ਪਰਿਵਾਰਾਂ ਦੇ ਹੁਣ ਹਰ ਮਹੀਨੇ ਜ਼ੀਰੋ ਬਿੱਲ ਆਇਆ ਕਰਨਗੇ। ਅਸੀਂ ਆਪਣਾ ਵਾਅਦਾ ਪੂਰਾ ਕੀਤਾ। ਆਮ ਆਦਮੀ ਪਾਰਟੀ ਜੋ ਕਹਿੰਦੀ ਹੈ, ਉਹ ਕਰਦੀ ਹੈ। ਪੰਜਾਬ ਦੇ ਲੋਕਾਂ ਨੂੰ ਵੀ ਹੁਣ ਮਹਿੰਗੀ ਬਿਜਲੀ ਤੋਂ ਛੁਟਕਾਰਾ ਮਿਲੇਗਾ।

Posted By: Seema Anand