ਡਾ. ਸੁਮਿਤ ਸਿੰਘ ਸ਼ਿਓਰਾਨ, ਚੰਡੀਗੜ੍ਹ : ਚੰਡੀਗੜ੍ਹ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਲਈ ਛੇਤੀ ਖ਼ੁਸ਼ਖ਼ਬਰੀ ਮਿਲਣ ਜਾ ਰਹੀ ਹੈ। ਕਰੀਬ ਇਕ ਸਾਲ ਤੋਂ ਕੇਂਦਰੀ ਪੇਅ ਸਕੇਲ ਲਾਗੂ ਹੋਣ ਦਾ ਇੰਤਜ਼ਾਰ ਕਰ ਰਹੇ ਮੁਲਾਜ਼ਮਾਂ ਨੂੰ ਅਗਲੇ ਕੁਝ ਦਿਨਾਂ ’ਚ ਇਹ ਤੋਹਫ਼ਾ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਪ੍ਰਸ਼ਾਸਨ ਅਪ੍ਰੈਲ ਤੋਂ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਕੇਂਦਰੀ ਪੇਅ ਸਕੇਲ ਦੇਣ ਦੀ ਤਿਆਰੀ ਪੂਰੀ ਕਰ ਚੁੱਕਿਆ ਹੈ। ਹੁਣ ਸਿਰਫ਼ ਫਾਈਲ ’ਤੇ ਯੂਟੀ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਤੋਂ ਮੋਹਰ ਲੱਗਣੀ ਬਾਕੀ ਰਹਿ ਗਈ ਹੈ। ਸਭ ਸਹੀ ਰਿਹਾ ਤਾਂ ਮਈ ਤੋਂ ਮੁਲਾਜ਼ਮਾਂ ਨੂੰ ਵਧੀ ਤਨਖ਼ਾਹ ਮਿਲਣੀ ਸ਼ੁਰੂ ਹੋ ਜਾਵੇਗੀ। ਅਗਲੇ ਹਫ਼ਤੇ ਤੱਕ ਕੇਂਦਰੀ ਤਨਖ਼ਾਹ ਸਕੇਲ ਨਾਲ ਜੁੜੀ ਫਾਈਲ ਕਲੀਅਰ ਹੋ ਜਾਵੇਗੀ। ਮਾਰਚ 2022 ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ’ਚ ਕੇਂਦਰੀ ਸਰਵਿਸ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਸੀ।

ਐਲਾਨ ਤੋਂ ਕੁਝ ਦਿਨ ਬਾਅਦ ਹੀ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਪਰ ਕੇਂਦਰੀ ਤਨਖ਼ਾਹ ਸਕੇਲ ਦਾ ਲਾਭ ਦੇਣ ’ਚ ਯੂਟੀ ਪ੍ਰਸ਼ਾਸਨ ਨੂੰ ਇਕ ਸਾਲ ਦਾ ਸਮਾਂ ਲੱਗ ਗਿਆ। ਕੇਂਦਰੀ ਸਕੇਲ ’ਚ ਕਈ ਤਕਨੀਕੀ ਦਿੱਕਤਾਂ ਕਾਰਨ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਨੂੰ ਇਸ ਦਾ ਲਾਭ ਨਹੀਂ ਦਿੱਤਾ ਗਿਆ। ਯੂਟੀ ਅਡਵਾਈਜ਼ਰ ਧਰਮਪਾਲ ਦੀ ਅਗਵਾਈ ’ਚ ਉੱਚ ਪੱਧਰੀ ਕਮੇਟੀ ਨੇ ਹੁਣ ਤਨਖ਼ਾਹ ਅਤੇ ਹੋਰ ਸਰਵਿਸ ਨਿਯਮਾਂ ਦੀਆਂ ਤਰੁੱਟੀਆਂ ਨੂੰ ਦੂਰ ਕਰ ਕੇ ਚੰਡੀਗੜ੍ਹ ਦੇ ਮੁਲਾਜ਼ਮਾਂ ਲਈ ਕੇਂਦਰੀ ਸਕੇਲ ਲਾਗੂ ਕਰਨ ਦੀ ਫਾਈਲ ਪਾਸ ਕਰ ਕੇ ਯੂਟੀ ਪ੍ਰਸ਼ਾਸਕ ਕੋਲ ਭੇਜ ਦਿੱਤਾ ਹੈ।

Posted By: Tejinder Thind