ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਹਜ਼ਾਰਾਂ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਦੀ ਮਨਜ਼ੂਰੀ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿਚ ਕੇਂਦਰੀ ਸੇਵਾ ਨਿਯਮਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਬਕਾਏ, ਭੱਤੇ ਤੇ ਤਨਖਾਹ ਵਿੱਚ ਭਾਰੀ ਲਾਭ ਮਿਲੇਗਾ। ਜਾਣਕਾਰੀ ਮੁਤਾਬਕ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਹੁਣ ਸੇਵਾਮੁਕਤੀ ਦੀ ਉਮਰ 60 ਸਾਲ ਹੋਵੇਗੀ।

ਅਧਿਆਪਕਾਂ ਨੂੰ ਸਫ਼ਰ ਕਰਨ ਲਈ ਭੱਤਾ, ਲਗਪਗ 4000 ਰੁਪਏ ਪ੍ਰਤੀ ਮਹੀਨਾ, ਤਨਖਾਹ-ਸਕੇਲ ਤੇ ਡੀਏ ਕੇਂਦਰੀ ਮੁਲਾਜ਼ਮਾਂ ਨਾਲ ਮਿਲੇਗਾ। ਸਕੂਲਾਂ 'ਚ ਹੁਣ ਡਿਪਟੀ ਪ੍ਰਿੰਸੀਪਲ ਦੇ ਅਹੁਦੇ ਹੋਣਗੇ, ਸੀਨੀਆਰਤਾ ਦੇ ਆਧਾਰ 'ਤੇ ਨਿਯੁਕਤੀ ਹੋਵੇਗੀ। ਮਹਿਲਾ ਮੁਲਾਜ਼ਮਾਂ ਨੂੰ ਚਾਈਲਡ ਕੇਅਰ ਲਈ ਦੋ ਸਾਲ ਦੀ ਛੁੱਟੀ ਮਿਲੇਗੀ। 12ਵੀਂ ਜਮਾਤ ਤਕ ਦੇ ਦੋ ਬੱਚਿਆਂ ਦੇ ਮਾਪਿਆਂ ਨੂੰ ਸਿੱਖਿਆ ਭੱਤਾ ਮਿਲੇਗਾ।

ਕੇਂਦਰੀ ਸੇਵਾ ਨਿਯਮਾਂ ਦੇ ਲਾਗੂ ਹੋਣ ਨਾਲ ਮੁਲਾਜ਼ਮਾਂ ਦੇ ਤਨਖਾਹ ਸਕੇਲ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਹੋਣਗੇ, ਜੋ ਇਸ ਸਮੇਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਸਬੰਧਤ ਸ਼੍ਰੇਣੀਆਂ ਦੇ ਅਨੁਸਾਰ ਸਨ। ਹੁਣ ਇਹ ਰਾਸ਼ਟਰਪਤੀ ਦੀਆਂ ਕੇਂਦਰੀ ਸਿਵਲ ਸੇਵਾਵਾਂ ਵਿਚ ਸਬੰਧਤ ਸੇਵਾਵਾਂ ਅਤੇ ਅਹੁਦਿਆਂ 'ਤੇ ਨਿਯੁਕਤ ਵਿਅਕਤੀਆਂ ਦੀਆਂ ਸੇਵਾ ਸ਼ਰਤਾਂ ਦੇ ਸਮਾਨ ਹੋਣਗੀਆਂ ਤੇ ਉਸੇ ਨਿਯਮਾਂ ਅਤੇ ਆਦੇਸ਼ਾਂ ਰਾਹੀਂ ਕੰਟਰੋਲ ਹੋਣਗੀਆਂ।

Posted By: Seema Anand