ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੂਬੇ 'ਚ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 21 ਸਤੰਬਰ ਤੋਂ ਖੁੱਲ੍ਹ ਗਈਆਂ ਹਨ। ਪੰਜਾਬ ਸਰਕਾਰ ਨੇ ਕੋਵਿਡ ਮਹਾਮਾਰੀ ਕਾਰਨ ਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ 'ਮੌਕੇ 'ਤੇ ਹੀ ਖੁੱਲੇ ਦਾਖਲੇ' ਲਈ ਆਖਰੀ ਤੇ ਸੁਨਹਿਰੀ ਮੌਕਾ ਦਿੱਤਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੌਥੀ ਕੌਸਲਿੰਗ (ਸਿੱਧਾ ਦਾਖਲਾ) ਮਿਤੀ 26 ਸਤੰਬਰ, 2020 ਤੋਂ ਸ਼ੁਰੂ ਹੋ ਰਿਹਾ ਹੈ।ਆਈਟੀਆਈ 'ਚ ਦਾਖ਼ਲਾ ਲੈਣ ਲਈ ਵਿਦਿਆਰਥੀ ਆਈਟੀਆਈ 'ਚ ਜਾ ਕੇ ਉਥੇ ਲੱਗੇ ਹੈਲਪ ਡੈਸਕ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਤੇ ਆਈਟੀਆਈ 'ਚ ਹੀ ਆਪਣੇ ਦਾਖਲੇ ਲਈ ਸਵੇਰੇ 9.00 ਵਜੇ ਤੋਂ ਦੁਪਹਿਰ 1.00 ਵਜੇ ਤਕ ਫਾਰਮ ਭਰ ਸਕਦੇ ਹਨ।

ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਕੀਤੇ ਸ਼ੈਡਿਉਲ ਮੁਤਾਬਿਕ ਜਿਨ੍ਹਾਂ ਵਿਦਿਆਰਥੀਆਂ ਦੇ 8ਵੀਂ ਜਾ 10ਵੀਂ ਕਲਾਸ 'ਚ 65 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 26 ਸਤੰਬਰ ਦੁਪਿਹਰ 1 ਵਜੇ ਤਕ, ਜਿਨ੍ਹਾਂ ਦੇ 50 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 27 ਸਤੰਬਰ ਦੁਪਹਿਰ 1 ਵਜੇ ਤਕ, 35 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 28 ਸਤੰਬਰ ਦੁਪਹਿਰ 1 ਵਜੇ ਤਕ ਅਤੇ ਜਿਨਾਂ ਨੂੰ ਹਾਲੇ ਤਕ ਕਿਤੇ ਵੀ ਦਾਖਲਾ ਨਹੀਂ ਮਿਲਿਆ ਉਹ ਉਮੀਦਵਾਰ 29 ਤੇ 30 ਸਤੰਬਰ ਨੂੰ ਦੁਪਹਿਰ 1 ਵਜੇ ਤਕ ਆਈਟੀਆਈ ਵਿਚ ਪਹੁੰਚ ਕਰਕੇ ਅਪਲਾਈ ਕਰ ਸਕਦੇ ਹਨ ਤੇ ਮੈਰਿਟ ਸੂਚੀ ਅਨੁਸਾਰ ਖਾਲੀ ਪਈਆਂ ਸੀਟਾਂ ਲਈ ਮੌਕੇ 'ਤੇ ਹੀ ਵਿਦਿਆਰਥੀਆਂ ਨੂੰ ਫੀਸ ਭਰਕੇ ਦਾਖਲਾ ਮਿਲ ਜਾਵੇਗਾ।

ਇਨ੍ਹਾਂ ਕੋਰਸਾਂ 'ਚ ਦਾਖ਼ਲੇ ਸਬੰਧੀ ਹਦਾਇਤਾਂ ਤੇ ਵਧੇਰੇ ਜਾਣਕਾਰੀ ਲਈ ਦਾਖਲਾ ਲੈਣ ਦੇ ਚਾਹਵਾਨ ਵੈੱਬਸਾਈਟ http://www.itipunjab.nic.in 'ਤੇ ਜਾਣ ਜਾਂ ਆਪਣੀ ਨੇੜੇ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਹੈਲਪ ਡੈਸਕ ਜਾਂ ਫੋਨ ਨੰਬਰ 0172-5022357 ਜਾਂ ਈ-ਮੇਲ ਆਈਡੀ itiadmission2020@gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸੂਬੇ ਦੀਆਂ ਸਰਕਾਰੀ ਆਈਟੀਆਈ ਵਿਚ ਐਸਸੀ ਕੈਟਾਗਰੀ ਦੇ ਸਿਖਿਆਰਥੀ, ਜਿਨ੍ਹਾਂ ਦੇ ਮਾਂ-ਬਾਪ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ, ਲਈ ਟਰੇਨਿੰਗ ਮੁਫ਼ਤ ਹੈ। ਬਾਕੀ ਵਿਦਿਆਰਥੀ ਮੌਕੇ 'ਤੇ 1200 ਰੁਪਏ ਫੀਸ ਭਰਕੇ ਦਾਖਲਾ ਲੈ ਸਕਦੇ ਹਨ ਅਤੇ ਬਾਕੀ ਦੀ ਫੀਸ ਤਿੰਨ ਕਿਸ਼ਤਾਂ ਵਿਚ 750 ਰੁਪਏ ਪ੍ਰਤੀ ਕਿਸਤ ਲਈ ਜਾਵੇਗੀ। ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਟਰੇਡਾਂ ਲਈ ਇਹ ਫੀਸ ਕ੍ਰਮਵਾਰ 19312 ਰੁਪਏ ਅਤੇ 12875 ਰੁਪਏ ਸਲਾਨਾ ਹੈ।

ਵਿਭਾਗ ਵਲੋਂ ਜਿੰਨ੍ਹਾਂ ਉੱਘੀਆਂ ਉਦਯੋਗਿਕ ਇਕਾਈਆਂ ਨਾਲ ਟਾਈ-ਅੱਪ ਚੱਲ ਰਿਹਾ ਹੈ, ਉਨ੍ਹਾਂ 'ਚ ਹੀਰੋ ਸਾਈਕਲਜ਼, ਟਰਾਈਡੈਂਟ ਲਿਮਟਿਡ, ਏਵਨ ਸਾਈਕਲਜ਼, ਸਵਰਾਜ ਇੰਜ਼ਨ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੋਗਲ ਪਟਿਆਲਾ, ਗੋਦਰੇਜ਼ ਐਂਡ ਬਾਈਓਸ ਲਿਮਟਿਡ ਮੋਹਾਲੀ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਸੋਨਾਲਿਕਾ) ਹੁਸ਼ਿਆਰਪੁਰ, ਐਨ.ਐਫ.ਐਲ. ਬਠਿੰਡਾ ਅਤੇ ਨੰਗਲ, ਨੈਸਲੇ ਇੰਡੀਆ ਲਿਮਟਿਡ ਮੋਗਾ, ਹੀਰੋ ਇਊਥੈਟਿਕ ਇੰਡਸਟਰੀ ਲੁਧਿਆਣਾ, ਪੰਜਾਬ ਐਲਕੇਲੀਜ਼ ਐਂਡ ਕੈਮੀਕਲ ਲਿਮਟਿਡ ਨੰਗਲ, ਹੋਟਲ ਹਯਾਤ, ਹੋਟਲ ਤਾਜ਼ ਆਦਿ ਸ਼ਾਮਲ ਹਨ।

Posted By: Amita Verma