* ਮਿ੍ਤਕਾ ਦੀ ਨਹੀਂ ਹੋ ਸਕੀ ਸ਼ਿਨਾਖਤ

* ਪੁਲਿਸ ਨੇ ਲਾਸ਼ ਨੂੰ ਮਾਰਚਰੀ 'ਚ ਰਖਵਾਇਆ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮਟੌਰ ਥਾਣਾ ਪਿਛੇ ਫੇਜ਼-7 ਦੇ ਪਾਰਕ 'ਚ ਬੁੱਧਵਾਰ ਦੇਰ ਸ਼ਾਮ ਇਕ ਲੜਕੀ ਨੇ ਅੰਬ ਦੇ ਦਰੱਖਤ 'ਤੇ ਚੜ੍ਹ ਕੇ ਆਪਣੇ ਹੀ ਦੁਪੱਟੇ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਖੁਦਕਸ਼ੀ ਕਰਨ ਵਾਲੀ ਲੜਕੀ ਨੂੰ ਕਿਸੇ ਰਾਹਗੀਰ ਨੇ ਦੇਖਿਆ ਤਾਂ ਉਥੇ ਦੇ ਐੱਮਸੀ ਸੈਂਹਬੀ ਆਨੰਦ ਨੂੰ ਫੋਨ ਕੀਤਾ। ਐੱਮਸੀ ਨੇ ਮੌਕੇ 'ਤੇ ਪਹੁੰਚ ਕੇ ਮਟੌਰ ਥਾਣਾ ਪੁਲਿਸ ਨੰੂ ਬੁਲਾਇਆ। ਐੱਸਐੱਚਓ ਮਟੌਰ ਰਾਜੀਵ ਕੁਮਾਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਪੁਲਿਸ ਪਾਰਟੀ ਦੀ ਮਦਦ ਨਾਲ ਦਰੱਖ਼ਤ ਨਾਲ ਲਟਕ ਰਹੀ ਲੜਕੀ ਦੀ ਲਾਸ਼ ਨੰੂ ਹੇਠਾਂ ਉਤਾਰਿਆ। ਐੱਸਐੱਚਓ ਮਟੌਰ ਰਾਜੀਵ ਕੁਮਾਰ ਨੇ ਦੱਸਿਆ ਕਿ ਲੜਕੀ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਮਿ੍ਤਕਾ ਦੀ ਸ਼ਨਾਖਤ ਹੋਈ। ਐੱਸਐੱਚਓ ਨੇ ਦੱਸਿਆ ਕਿ ਦੇਖਣ 'ਚ ਮਿ੍ਤਕਾ ਦੀ ਉਮਰ 30 ਤੋਂ 35 ਸਾਲ ਦੇ ਆਲੇ-ਦੁਆਲੇ ਦੱਸੀ ਜਾ ਰਹੀ ਹੈ। ਇਕ ਰਾਹਗੀਰ ਨੇ ਦੱਸਿਆ ਕਿ ਖੁਦਕਸ਼ੀ ਕਰਨ ਵਾਲੀ ਲੜਕੀ ਸਵੇਰ ਤੋਂ ਹੀ ਪਾਰਕ 'ਚ ਘੁੰਮ ਰਹੀ ਸੀ। ਪੁਲਿਸ ਅਨੁਸਾਰ ਲੜਕੀ ਆਲੇ-ਦੁਆਲੇ ਦੀਆਂ ਕੋਠੀਆਂ 'ਚ ਕੰਮ ਕਰਨ ਵਾਲੀ ਦੱਸੀ ਜਾ ਰਹੀ ਹੈ। ਉਥੇ ਹੀ ਮਿ੍ਤਕ ਲੜਕੀ ਨੇ ਹੱਥਾਂ 'ਚ ਮਹਿੰਦੀ ਲਗਾਈ ਹੋਈ ਹੈ ਜਿਸ ਤੋਂ ਪੁਲਿਸ ਇਹ ਵੀ ਅੰਦਾਜ਼ਾ ਲਗਾ ਰਹੀ ਹੈ ਕਿ ਹੋ ਸਕਦਾ ਹੈ ਕਿ ਮਹਿਲਾ ਵਿਆਹੀ ਹੋਵੇ। ਪੁਲਿਸ ਨੇ ਮਿ੍ਤਕਾ ਦੀ ਸ਼ਨਾਖਤ ਲਈ ਲਾਸ਼ 72 ਘੰਟੇ ਤਕ ਸਿਵਲ ਹਸਪਤਾਲ ਫੇਜ਼-6 ਦੀ ਮਾਰਚਰੀ 'ਚ ਰੱਖਵਾ ਦਿੱਤੀ ਹੈ।