ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਜਰਮਨ ਆਧਾਰਿਤ ਫਰਿਊਡੇਨਬਰਗ ਦੇ ਸੀਈਓ ਓਲਰਿਕ ਕਾਰਬਰ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਸੂਬੇ 'ਚ ਆਟੋਮੋਟਿਵ ਖੇਤਰ 'ਚ 50 ਮਿਲੀਅਨ ਯੂਰੋ (400 ਕਰੋੜ ਰੁਪਏ ਤੋਂ ਜ਼ਿਆਦਾ) ਦਾ ਨਿਵੇਸ਼ ਕਰਨ ਸਬੰਧੀ ਚਰਚਾ ਕੀਤੀ। ਮੁੱਖ ਮੰਤਰੀ ਨੇ ਗਰੁੱਪ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ 'ਚ ਗਰੁੱਪ ਨੂੰ ਵਿਸਤਾਰ ਕਰਨ 'ਚ ਪੂਰਾ ਸਹਿਯੋਗ ਤੇ ਸਮਰਥਨ ਦੇਵੇਗੀ।

ਕਾਰਬਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਆਪਣੇ ਇਸ ਨਵੇਂ ਪ੍ਰਾਜੈਕਟ ਲਈ ਢੁੱਕਵੀਆਂ ਥਾਵਾਂ ਦੀ ਪਛਾਣ ਕਰਨ ਲਈ ਪੰਜਾਬ ਨਾਲ ਲਗਾਤਾਰ ਸੰਪਰਕ 'ਚ ਹੈ, ਜਿਸ ਨੂੰ ਜਲਦ ਹੀ ਅੰਤਿਮ ਰੂਪ ਦਿੱਤਾ ਜਾਵੇਗਾ।

ਸੀਈਓ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਰਿਊਡੇਨਬਰਗ ਗਰੁੱਪ ਦਾ ਹਿੱਸਾ ਵਾਈਬ੍ਕੋਸਟਿਕ ਇੰਡੀਆ ਆਟੋਮੋਟਿਵ ਸਨਅਤ 'ਚ ਐੱਨਬੀਐੱਚ ਸਪਲਾਈ ਕਰਨ ਵਾਲਾ ਮੁੱਖ ਗਰੁੱਪ ਹੈ, ਜੋ 19 ਦੇਸ਼ਾਂ 'ਚ ਮੌਜੂਦਗੀ ਦਰਜ ਕਰਵਾ ਰਿਹਾ ਹੈ ਤੇ ਮਾਰਕੀਟ ਸ਼ੇਅਰ 'ਚ 18 ਫ਼ੀਸਦੀ ਹਿੱਸੇਦਾਰੀ ਰੱਖਦਾ ਹੈ। ਉਨ੍ਹਾਂ ਕਿਹਾ ਕਿ ਆਡੀ, ਬੀਐੱਮਡਬਲਿਊ, ਮਰਸਡੀਜ਼ ਤੇ ਵੋਲਵੋ ਆਦਿ ਵੱਡੀਆਂ ਕੰਪਨੀਆਂ ਨੂੰ ਵੀ ਇਹੀ ਗਰੁੱਪ ਮੁੱਖ ਤੌਰ 'ਤੇ ਸਪਲਾਈ ਕਰਦਾ ਹੈ।

ਵਾਈਬ੍ਕੋਸਟਿਕ ਇੰਡੀਆ ਦੇ ਜਗਮਿੰਦਰ ਬਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਗਰੁੱਪ ਨੇ ਆਪਣਾ ਕੰਮ 20 ਸਾਲ ਪਹਿਲਾਂ ਮੋਹਾਲੀ 'ਚ ਸ਼ੁਰੂ ਕੀਤਾ ਸੀ। ਬੈਠਕ 'ਚ ਸਲਾਹਕਾਰ ਨਿਵੇਸ਼ ਪੰਜਾਬ ਮੇਜਰ ਬੀਐੱਸ ਕੋਹਲੀ (ਸੇਵਾਮੁਕਤ), ਨਿਵੇਸ਼ ਪੰਜਾਬ ਦੇ ਸੀਈਓ ਰਜਤ ਅਗਰਵਾਲ, ਵਧੀਕ ਸੀਈਓ ਈਸ਼ਾ ਕਾਲੀਆ ਆਦਿ ਹਾਜ਼ਰ ਸਨ।