ਸੁਮੇਸ਼ ਠਾਕੁਰ, ਚੰਡੀਗੜ੍ਹ

ਡਿਗਰੀ ਤੇ ਅਨੁਭਵ ਨਹੀਂ, ਪੈਸਾ ਦੇਖ ਕੇ ਦਿੱਤੀ ਜਾ ਰਹੀ ਹੈ ਚੰਡੀਗੜ੍ਹ ਪ੍ਰਸ਼ਾਸਨ 'ਚ ਨੌਕਰੀ। ਘੱਟ ਕਮਿਸ਼ਨ, ਸਮੇਂ ਦੀ ਬਚਤ ਦੇ ਨਾਲ ਬਿਹਤਰ ਕੰਮ ਹੋ ਸਕੇ ਇਸਦੇ ਲਈ ਪ੍ਰਸ਼ਾਸਨ ਨੇ ਜੈੱਮ ਪੋਰਟਲ ਨੂੰ ਖ਼ਰੀਦ-ਫਰੋਖ਼ਤ ਦੇ ਨਾਲ ਮੁਲਾਜ਼ਮਾਂ ਤੋਂ ਕੰਮ ਲੈਣ ਲਈ ਵੀ ਚੁਣਿਆ ਹੈ। ਪ੍ਰਸ਼ਾਸਨ ਦੇ ਸਾਰੇ ਵਿਭਾਗਾਂ 'ਚ ਤੀਜੇ ਤੇ ਚੌਥੇ ਦਰਜੇ ਦੇ ਮੁਲਾਜ਼ਮਾਂ ਨੂੰ ਜੈੱਮ ਪੋਰਟਲ ਰਾਹੀਂ ਨਿਯੁਕਤ ਕੀਤਾ ਜਾ ਰਿਹਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਉਨ੍ਹਾਂ ਮੁਲਾਜ਼ਮਾਂ ਨੂੰ ਰੱਖਣ ਤੋਂ ਪਹਿਲਾਂ ਸਿਰਫ਼ ਉਨ੍ਹਾਂ ਦੀ ਜੇਬ ਫਰੋਲੀ ਜਾਂਦੀ ਹੈ, ਉਨ੍ਹਾਂ ਕੋਲ ਕੰਮ ਕਰਨ ਦੀ ਸਮਰੱਥਾ ਹੈ ਜਾਂ ਨਹੀਂ, ਉਨ੍ਹਾਂ ਕੋਲ ਕਿਸੇ ਬੋਰਡ/ਯੂਨੀਵਰਸਿਟੀ ਤੋਂ ਸਰਟੀਫਿਕੇਟ ਹੈ ਜਾਂ ਨਹੀਂ, ਇਸ ਦੀ ਜਾਂਚ ਕਰਨ ਵਾਲਾ ਕੋਈ ਨਹੀਂ ਹੈ। ਸਿਰਫ਼ ਪੈਸਾ ਲੈ ਕੇ ਮੁਲਾਜ਼ਮਾਂ ਦੀ ਨਿਯੁਕਤੀ ਹੋ ਰਹੀ ਹੈ। ਇਹ ਨਿਯੁਕਤੀ ਸਕੂਲ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਤਕ ਹੋ ਰਹੀ ਹੈ ਪਰ ਇਸ 'ਤੇ ਲਗਾਮ ਲਾਉਣ ਦੀ ਹਿੰਮਤ ਕਿਸੇ ਕੋਲ ਨਹੀਂ ਹੈ।

ਫਰਜ਼ੀ ਡਿਗਰੀ ਨਾਲ ਰੱਖੇ ਗਏ ਹਨ ਲੈਬ ਅਟੈਂਡੈਂਟ

ਸ਼ਹਿਰ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ 'ਚ ਲੈਬ ਅਟੈਂਡੈਂਟ ਦੀ ਨਿਯੁਕਤੀ ਕੀਤੀ ਗਈ ਹੈ। ਲੈਬ ਅਟੈਂਡੈਂਟ ਬਣਨ ਵਾਲੇ ਕੋਲ ਕਿਹੜੇ ਬੋਰਡ ਤੇ ਯੂਨੀਵਰਸਿਟੀ ਦੀ ਡਿਗਰੀ ਹੈ, ਇਸ ਨੂੰ ਚੈੱਕ ਕਰਨ ਲਈ ਕਿਤੇ ਕੋਈ ਕਮੇਟੀ ਨਹੀਂ ਹੈ। ਇਸ ਤਰ੍ਹਾਂ ਨਾਲ ਇੰਜੀਨੀਅਰਿੰਗ ਵਿਭਾਗ 'ਚ ਜੇਈ ਤੋਂ ਲੈ ਕੇ ਐੱਸਡੀਓ ਤਕ ਦੀ ਨਿਯੁਕਤੀ ਵੀ ਜੈੱਮ ਪੋਰਟਲ ਤੋਂ ਹੋ ਰਹੀ ਹੈ। ਜਿਸ 'ਚ ਕਾਂਟ੍ਰੈਕਟਰ ਸੰਸਥਾਨ ਨੂੰ ਇਕ ਪੱਤਰ ਦੇ ਕੇ ਮੁਲਾਜ਼ਮ ਨੂੰ ਭੇਜ ਦਿੰਦਾ ਹੈ ਕਿ ਇਸ ਨੂੰ ਨਿਯੁਕਤ ਕਰਵਾਇਆ ਜਾਵੇ, ਪਰ ਉਸ 'ਤੇ ਸਵਾਲ ਕਰਨ ਵਾਲਾ ਕੋਈ ਨਹੀਂ

ਅਧਿਕਾਰੀ ਨਹੀਂ ਕਰਦੇ ਕਾਰਵਾਈ ਇਸ ਲਈ ਮੁਲਾਜ਼ਮ ਨਹੀਂ ਕਰਦੇ ਸ਼ਿਕਾਇਤ

ਜੈੱਮ ਪੋਰਟਲ 'ਤੇ ਕਾਂਟ੍ਰੈਕਟਰ ਖੁੱਲ੍ਹ ਕੇ ਲੁੱਟ ਦਾ ਖੇਡ ਕਰ ਰਹੇ ਹਨ ਪਰ ਉਨ੍ਹਾਂ 'ਤੇ ਕਾਰਵਾਈ ਕਰਨ ਵਾਲਾ ਕੋਈ ਅਧਿਕਾਰੀ ਸ਼ਹਿਰ 'ਚ ਨਹੀਂ ਹੈ, ਜਿਸ ਕਾਰਨ ਜ਼ਿਆਦਾਤਰ ਮੁਲਾਜ਼ਮ ਉਸ 'ਤੇ ਬੋਲਣਾ ਨਹੀਂ ਚਾਹੁੰਦੇ। ਸਾਲ 2020 'ਚ ਸਕੂਲਾਂ 'ਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੇ ਨਾਜਾਇਜ਼ ਵਸੂਲੀ ਦੇਣ ਤੋਂ ਇਨਕਾਰ ਕੀਤਾ ਤਾਂ ਵਿਭਾਗ ਨੇ ਕਾਂਟ੍ਰੈਕਟਰ 'ਤੇ ਕਾਰਵਾਈ ਕਰਨ ਦੀ ਬਜਾਏ ਅਧਿਆਪਕਾਂ ਦੀ ਹੀ ਛੁੱਟੀ ਕਰ ਦਿੱਤੀ। ਇਸੇ ਤਰ੍ਹਾਂ ਜਾਹਰਵੀਰ ਮੈਨਪਾਵਰ ਕੰਪਨੀ ਕੋਲ ਸ਼ਹਿਰ ਦੇ ਕਾਲਜਾਂ ਦਾ ਠੇਕਾ ਹੈ ਜੋ ਕਿ ਪੂਰੇ ਮਹੀਨੇ ਦੀ ਤਨਖ਼ਾਹ ਲੈ ਕੇ ਨੌਕਰੀ 'ਤੇ ਰੱਖਦੇ ਹਨ ਪਰ ਅਧਿਕਾਰੀਆਂ ਦੇ ਰਵੱਈਏ ਨੂੰ ਦੇਖ ਕੇ ਕੋਈ ਵੀ ਸ਼ਿਕਾਇਤ ਨਹੀਂ ਕਰਨਾ ਚਾਹੁੰਦਾ।

ਅਨੁਭਵ ਤੇ ਡਿਗਰੀ 'ਤੇ ਧਿਆਨ ਦੇਣਾ ਜ਼ਰੂਰੀ : ਸੁਖਬੀਰ ਸਿੰਘ

ਯੂਟੀ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਸੁਖਬੀਰ ਸਿੰਘ ਮੁਤਾਬਕ 20 ਸਾਲ ਪਹਿਲਾਂ ਸਵੀਪਰ ਨੂੰ ਨੌਕਰੀ ਲੈਣ ਲਈ ਕੋਈ ਯੋਗਤਾ ਨਹੀਂ ਸੀ, ਪਰ ਕਾਂਟ੍ਰੈਕਟਰ ਸਵੀਪਰ ਦੀ ਨੌਕਰੀ ਲਈ 10ਵੀਂ ਪਾਸ ਹੋਣਾ ਮੰਗਦਾ ਹੈ। ਮੁਲਾਜ਼ਮ ਦੇ ਅਨੁਭਵ ਨੂੰ ਨਕਾਰ ਕੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤੇ ਉਸ ਨੂੰ ਕੰਮ ਤੋਂ ਹੱਥ ਧੋਣਾ ਪੈਂਦਾ ਹੈ। ਇਸੇ ਤਰ੍ਹਾਂ ਨਾਲ ਕਈ ਤਕਨੀਕੀ ਅਹੁਦਿਆਂ 'ਤੇ ਬਿਨਾਂ ਜਾਂਚ ਪਰਖ ਦੇ ਮੁਲਾਜ਼ਮ ਰੱਖੇ ਜਾ ਰਹੇ ਹਨ ਜੋ ਪੂਰੀ ਤਰ੍ਹਾਂ ਨਾਲ ਗ਼ਲਤ ਹੈ। ਪ੍ਰਸ਼ਾਸਨ ਨੂੰ ਜੈੱਮ ਪੋਰਟਲ ਲਈ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਤਾਂਕਿ ਮੁਲਾਜ਼ਮਾਂ ਦਾ ਸ਼ੋਸ਼ਣ ਨਾ ਹੋ ਸਕੇ।