* ਗੱਤਕਾ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਜਾਗਰਣ ਦਾ ਉਪਰਾਲਾ ਸ਼ਲਾਘਾਯੋਗ: ਐੱਨਕੇ ਸ਼ਰਮਾ

* ਵਿਰਾਸਤ ਨਾਲ ਜੁੜ ਕੇ ਨੌਜਵਾਨ ਮਾਰਨ ਵੱਡਾ ਮਾਅਰਕਾ : ਮੇਅਰ ਕੁਲਵੰਤ ਸਿੰਘ

* ਸਰੀਰਕ ਕਸਰਤ ਵਾਲੀਆਂ ਖੇਡਾਂ ਨੂੰ ਅਪਣਾਉਣ ਮੁੰਡੇ-ਕੁੜੀਆਂ : ਕਾਹਨ ਸਿੰਘ ਪੰਨੂ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ

ਮੋਹਾਲੀ ਦੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਆਫ਼ ਨਰਸਿੰਗ (ਬਲੌਂਗੀ) ਵਿਖੇ ਪੰਜਾਬੀ ਪੱਧਰੀ ਗੱਤਕਾ ਮੁਕਾਬਲਿਆਂ ਦੀ ਲੜੀ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਸ਼ੁੱਕਰਵਾਰ ਨੂੰ ਕਰਵਾਇਆ ਗਿਆ। ਪ੍ਰਰੋਗਰਾਮ ਸਵੇਰੇ 11 ਵਜੇ ਸ਼ੁਰੂ ਹੋਇਆ, ਜਿਸ 'ਚ ਗੱਤਕਾ ਦੀਆਂ 11 ਟੀਮਾਂ ਦੇ ਖਿਡਾਰੀਆਂ ਨੇ ਤੇਗ ਤੇ ਲਾਠੀ ਮੁਕਾਬਲਿਆਂ ਤੋਂ ਇਲਾਵਾ ਖ਼ਾਲਸੇ ਦੇ ਹਰਮਨ ਪਿਆਰੇ ਸ਼ਸਤਰਾਂ ਨਾਲ ਚੰਗੇ ਜ਼ੌਹਰ ਦਿਖਾਏ। ਪ੍ਰਰੋਗਰਾਮ ਦੀ ਸ਼ੁਰੂਆਤ ਨੰਨ੍ਹੇ-ਮੁੰਨੇ ਖਿਡਾਰੀਆਂ ਦਿਲਜੀਤ ਸਿੰਘ ਤੇ ਜਪਜੀਤ ਵਲੋਂ ਸ਼ਬਦ ਗਾਇਨ ਤੋਂ ਬਾਅਦ ਸ਼ੁਰੂ ਹੋਈ। ਇਸ ਉਪਰੰਤ ਗੁਰਪ੍ਰਰੀਤ ਸਿੰਘ ਖਾਲਸਾ ਵੱਲੋਂ ਅਰਦਾਸ ਕਰਨ ਮਗਰੋਂ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਦੀ ਟੀਮ ਨੇ ਡੈਮੋਂ ਪੇਸ਼ ਕਰਕੇ ਹਾਜ਼ਰੀਨ ਦੀ ਵਾਹ-ਵਾਹ ਖੱਟੀ। ਮੁਕਾਬਲਿਆਂ 'ਚ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਅਖਾੜੇ ਦੀ ਟੀਮ ਪਹਿਲੇ ਥਾਂ 'ਤੇ ਰਹੀ, ਜਦਕਿ ਦੂਜੇ ਥਾਂ 'ਤੇ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਤੇ ਤੀਜੇ ਥਾਂ 'ਤੇ ਮੀਰੀ-ਪੀਰੀ ਗੱਤਕਾ ਅਖਾੜਾ ਜੰਡਪੁਰ ਦੀ ਟੀਮ ਰਹੀ। ਇਸ ਤੋਂ ਪਹਿਲਾਂ ਸੀਜੀਐੱਮ ਗ੍ਰੇਟਰ ਪੰਜਾਬ ਮੋਹਿੰਦਰ ਕੁਮਾਰ ਤੇ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ ਨੇ ਪ੍ਰਰੋਗਰਾਮ 'ਚ ਸ਼ਿਰਕਤ ਕਰਨ 'ਤੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।

ਇਸ ਦੌਰਾਨ ਡੇਰਾਬੱਸੀ ਦੇ ਵਿਧਾਇਕ ਐੱਨਕੇ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਤੇ 'ਪੰਜਾਬੀ ਜਾਗਰਣ' ਦੀ ਟੀਮ ਨੂੰ ਚੌਥੇ ਵਿਰਸਾ ਸੰਭਾਲ ਗੱਤਕਾ ਕੱਪ-2020 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਵਰਿ੍ਹਆਂ ਤੋਂ ਇਸ ਪ੍ਰਰੋਗਰਾਮ 'ਚ ਸ਼ਿਰਕਤ ਕਰ ਰਹੇ ਹਨ ਅਤੇ ਖਿਡਾਰੀਆਂ ਦਾ ਜੋਸ਼ ਤੇ ਸ਼ਸਤਰ ਪ੍ਰਦਰਸ਼ਨ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਦਹਾਕਿਆਂ ਤੋਂ ਗੱਤਕੇ ਦੀ ਕਲਾ ਦਾ ਅਭਿਆਸ ਕਰ ਰਹੇ ਹੋਣ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ 'ਚ 7 ਕੁ ਸਾਲ ਉਮਰ ਵਰਗ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਦਾ ਜੋਸ਼ ਕਾਬਲ-ਏ-ਤਾਰੀਫ਼ ਸੀ। ਸ਼ਰਮਾ ਨੇ ਕਿਹਾ ਕਿ ਜਾਗਰਣ ਪਰਿਵਾਰ ਜੇਕਰ ਇਸੇ ਤਰ੍ਹਾਂ ਸੱਚੇ ਮਨੋਂ ਵਿਰਸਾਤ ਦੀ ਸੇਵਾ ਕਰਦਾ ਰਿਹਾ ਤਾਂ ਨਿਰਸੰਦੇਹ ਗੱਤਕਾ ਓਲੰਪਿਕ 'ਚ ਸ਼ਾਮਿਲ ਹੋ ਜਾਵੇਗਾ।

ਗੱਤਕਾ ਮੁਕਾਬਲੇ ਨੂੰ ਈਟੀਵੀ ਭਾਰਤ ਚੈਨਲ ਵੱਲੋਂ ਦੇਸ਼-ਵਿਦੇਸ਼ 'ਚ ਲਾਈਵ ਕੀਤਾ ਗਿਆ, ਜਿਸ 'ਚ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਆਪਣੇ ਘਰਾਂ 'ਚ ਬੈਠ ਕੇ ਪ੍ਰਰੋਗਰਾਮ ਦਾ ਆਨੰਦ ਮਾਣਿਆ। ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕਰਵਾਈ ਅਤੇ ਪ੍ਰਰੋਗਰਾਮ 'ਚ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਜਾਗਰਣ ਨਾਲ ਗੱਲਬਾਤ ਦੌਰਾਨ ਕਿਹਾ ਕਿ ਖੇਡਾਂ ਕਿਸੇ ਸਮੇਂ ਪੰਜਾਬ ਦੇ ਨੌਜਵਾਨਾਂ ਦੇ ਜੀਵਨ ਦਾ ਅਤੁੱਟ ਅੰਗ ਹੁੰਦੀਆਂ ਸਨ ਪਰ ਇਲੈਕਟ੍ਰਾਨਿਕ ਖੇਡਾਂ ਨੇ ਨੌਜਵਾਨਾਂ ਨੂੰ ਸਰੀਰਕ ਕਸਰਤ ਵਾਲੀਆਂ ਖੇਡਾਂ ਤੋਂ ਪਰੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਜਿਹੇ ਪ੍ਰਰੋਗਰਾਮ ਕਰਵਾਏ ਜਾਣ, ਜਿਨ੍ਹਾਂ ਨਾਲ ਨੌਜਵਾਨਾਂ 'ਚ ਖੇਡਾਂ ਨਾਲ ਜੁੜਨ ਦੀ ਭਾਵਨਾ ਪੈਦਾ ਹੋ ਸਕੇ। ਮੇਅਰ ਨੇ 'ਪੰਜਾਬੀ ਜਾਗਰਣ' ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜਿਹੇ ਪ੍ਰਰੋਗਰਾਮਾਂ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਵਚਨਬੱਧਤਾ ਪ੍ਰਗਟਾਈ। ਪ੍ਰਰੋਗਰਾਮ 'ਚ ਸੀਨੀਅਰ ਆਈਏਐੱਸ ਕਾਹਨ ਸਿੰਘ ਪੰਨੂ ਨੇ ਗੈਸਟ ਆਫ਼ ਆਨਰ ਵਜੋਂ ਹਾਜ਼ਰੀ ਲਗਵਾਈ। ਆਪਣੇ ਸੰਬੋਧਨ 'ਚ ਕਾਹਨ ਸਿੰਘ ਪੰਨੂ ਨੇ ਮੁੰਡੇ-ਕੁੜੀਆਂ ਨੂੰ ਸਰੀਰਕ ਕਸਰਤ ਤੇ ਖੇਡਾਂ ਨਾਲ ਜੁੜਨ ਲਈ ਪ੍ਰਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਪੁਆਧ ਦੇ ਪਿੰਡ ਤੋਂ ਹੈ ਇਸ ਸਮੇਂ 'ਚ ਕਬੱਡੀ ਤੋਂ ਇਲਾਵਾ ਹੋਰਨਾਂ ਜੁੱਸੇ ਵਾਲੀਆਂ ਖੇਡਾਂ ਦਾ ਦੌਰ ਰਿਹਾ ਪਰ ਹੁਣ ਇਹ ਕਲਾ ਘੱਟਦੀ ਜਾ ਰਹੀ ਹੈ ਜਿਸ ਪ੍ਰਤੀ ਹੰਭਲਾ ਮਾਰਨ ਦੀ ਲੋੜ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਵੀ ਸੰਬੋਧਨ ਕੀਤਾ। ਪੋ੍ਗਰਾਮ 'ਚ ਉਘੇ ਸਿੱਖ ਪ੍ਰਚਾਰਕ ਕਰਨਲ ਮਨਮੋਹਨ ਸਿੰਘ ਸਕਾਊਟ ਨੇ ਜਪੁਜੀ ਸਾਹਿਬ ਵਿਚੋਂ ਕੁੱਝ ਪੌੜੀਆਂ ਦੀ ਵਿਆਖਿਆ ਕਰਦਿਆਂ ਗੁਰਬਾਣੀ ਦੇ ਵਿਗਿਆਨਿਕ ਪਰਿਪੇਖ ਤੋਂ ਸੰਗਤ ਨੂੰ ਜਾਣੂੰ ਕਰਵਾਇਆ। ਇਸ ਦੌਰਾਨ ਇੰਡਸ ਹਸਪਤਾਲ ਦੇ ਡਾਕਟਰਾਂ ਨੇ ਮੈਡੀਕਲ ਜਾਂਚ ਕੈਂਪ ਲਗਾਇਆ ਜਿਸ 'ਚ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚ ਹੱਡੀਆਂ ਦੇ ਮਾਹਰਾਂ ਤੋਂ ਇਲਾਵਾ ਡਾ. ਡਿੰਪੀ, ਡਾਕਟਰ ਜੋਤੀ ਨੇ ਹਾਜ਼ਰੀ ਲਗਵਾਈ ਤੇ ਪੂਰਾ ਦਿਨ ਮਰੀਜ਼ਾਂ ਦੀ ਜਾਂਚ ਕੀਤੀ।

ਮੁਕਾਬਲਿਆਂ 'ਚ ਬਤੌਰ ਜੱਜ ਰਘਵੀਰ ਸਿੰਘ, ਪਰਵਿੰਦਰ ਕੌਰ, ਤਲਵਿੰਦਰ ਸਿੰਘ, ਹਰਮਨਜੋਤ ਸਿੰਘ, ਜਸਵਿੰਦਰ ਸਿੰਘ ਪਾਬਲਾ, ਰਜਿੰਦਰ ਸਿੰਘ ਤੋਂ ਇਲਾਵਾ ਗੱਤਕਾ ਕੋ-ਆਰਡੀਨੇਟਰ ਵਜੋਂ ਜਗਦੀਸ਼ ਸਿੰਘ ਖਾਲਸਾ ਨੇ ਭੂਮਿਕਾ ਨਿਭਾਈ, ਜ਼ਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਪ੍ਰਰੋਗਰਾਮ 'ਚ ਰਬਾਬ ਮਿਊਜ਼ਿਕ ਦੇ ਐੱਮਡੀ ਅਸ਼ਵਨੀ ਸ਼ਰਮਾ ਸੰਭਾਲਕੀ, ਮੋਹਾਲੀ ਦੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਆਰਪੀ ਸ਼ਰਮਾ, ਕੁਲਜੀਤ ਸਿੰਘ ਬੇਦੀ ਤੋਂ ਇਲਾਵਾ ਉਦੈਵੀਰ ਸਿੰਘ ਿਢੱਲੋਂ ਨੇ ਹਾਜ਼ਰੀ ਲਗਵਾਈ।

ਇਨ੍ਹਾਂ ਅਖਾੜਿਆਂ ਦੇ ਖਿਡਾਰੀ ਹੋਏ ਸ਼ਾਮਲ

1. ਗੱਤਕਾ ਅਖਾੜਾ, ਅੰਬ ਸਾਹਿਬ

2. ਭਗਤ ਰਵਿਦਾਸ ਗੱਤਕਾ ਅਖਾੜਾ, ਸਿਲ ਬੱਤਾ

3. ਖਾਲਸਾ ਅਕਾਲ ਪੁਰਖ ਕੀ ਫ਼ੌਜ ਗੱਤਕਾ ਅਖਾੜਾ, ਕੁਰਾਲੀ

4. ਬਾਬਾ ਬੱਢਾ ਜੀ ਗੱਤਕਾ ਅਖਾੜਾ, ਖਰੜ

5.ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ

6 ਬਾਬਾ ਅਜੀਤ ਸਿੰਘ ਗੱਤਕਾ ਅਖਾੜਾ, ਮੋਹਾਲੀ

7 ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ, ਫ਼ੇਜ਼-1

8.ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਖਾੜਾ, ਫ਼ੇਜ਼-11

9. ਮੀਰੀ-ਪੀਰੀ ਗੱਤਕਾ ਅਖਾੜਾ, ਜੰਡਪੁਰ (ਲੜਕੀਆਂ)

10.ਮੀਰੀ-ਪੀਰੀ ਗੱਤਕਾ ਅਖਾੜਾ, ਜੰਡਪੁਰ (ਮੁੰਡੇ)

11. ਮਾਤਾ ਸਾਹਿਬ ਕੌਰ ਗੱਤਕਾ ਅਖਾੜਾ, ਸੋਹਾਣਾ