ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਡੇਰਾਬੱਸੀ ਹਾਈਵੇ 'ਤੇ ਪੈਂਦੇ ਪਿੰਡ ਭਾਂਖਰਪੁਰ ਦੀ ਪੰਚਾਇਤ ਵੱਲੋਂ ਘੱਗਰ ਨਦੀ 'ਚ ਪਿੰਡ ਦਾ ਕੂੜਾਂ ਡੰਪ ਕਰਕੇ ਗੰਦਗੀ ਅਤੇ ਵਾਤਾਵਰਨ ਪਲੀਤ ਕੀਤਾ ਜਾ ਰਿਹਾ ਹੈ। ਜਦੋਂ ਕਿ ਪਿੰਡ 'ਚ ਲੱਖਾਂ ਰੁਪਏ ਲਗਾਕੇ ਸੋਲਡ ਵੇਸਟ ਮੈਨੇਜਮੈਂਟ ਬਣਾਇਆ ਗਿਆ ਹੈ। ਜਿਸ ਦੀ ਵਰਤੋਂ ਨਾ ਕਰਕੇ ਪੰਚਾਇਤ ਵੱਲੋਂ ਸਫ਼ਾਈ ਸੇਵਕਾਂ ਨੂੰ ਘੱਗਰ ਨਦੀਂ 'ਚ ਕੂੜਾ ਸੁੱਟਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਨਾਲ ਘੱਗਰ ਨਦੀਂ ਹੌਲ਼ੀ-ਹੌਲ਼ੀ ਡੰਪਿੰਗ ਗਰਾਊਂਡ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡ ਭਾਂਖਰਪੁਰ ਦੀ ਪੰਚਾਇਤ ਵੱਲੋਂ ਲਗਾਏ ਗਏ ਸਫ਼ਾਈ ਕਰਮਚਾਰੀਆਂ ਵੱਲੋਂ ਗ਼ਲੀਆਂ ਨਾਲੀਆਂ ਤੇ ਘਰਾਂ 'ਚੋਂ ਇਕੱਠੇ ਕੀਤੇ ਕੂੜੇ ਕਰਕਟ ਨਾਲ ਭਰੀਆਂ ਰੇਹੜੀਆਂ ਬੀਤੇ ਦੋ ਸਾਲ ਤੋਂ ਘੱਗਰ ਨਦੀਂ 'ਚ ਸੁੱਟ ਕੇ ਨਦੀਂ ਨੂੰ ਪਲੀਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੁੱਖ ਮਾਰਗ 'ਤੇ ਲੰਘਣ ਵਾਲੇ ਰਾਹਗੀਰਾਂ ਨੂੰ ਕੂੜੇ ਦੇ ਡੰਪ ਤੋਂ ਆਉਂਦੀ ਗੰਦੀ ਬਦਬੂ ਕਾਰਨ ਭਾਰੀ ਪਰੇਸ਼ਾਨੀ ਝਲਣੀ ਪੈ ਰਹੀ ਹੈ। ਸਫ਼ਾਈ ਕਰਮਚਾਰੀ ਵੱਲੋਂ ਸੁੱਟੇ ਕੂੜੇ 'ਚ ਪਲਾਸਟਿਕ ਦੇ ਲਿਫ਼ਾਿਫ਼ਆਂ ਨੂੰ ਲਗਾਈ ਅੱਗ ਕਾਰਨ ਕਈ ਵਾਰ ਸਾਰਾ-ਸਾਰਾ ਦਿਨ ਆਸਮਾਨੀ ਧੂੰਆਂ ਚੜ੍ਹਦਾ ਰਹਿੰਦਾ ਹੈ।

ਵਾਤਾਵਰਨ ਪੇ੍ਮੀਆਂ 'ਚ ਪਿੰਡ ਦੀ ਪੰਚਾਇਤ ਵਿਰੁਧ ਰੋਸ ਪਾਇਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਅਤੇ ਘਰਾਂ ਦੀ ਸਫ਼ਾਈ ਕਰਕੇ ਕੁਦਰਤੀ ਸੋਮੇ ਘੱਗਰ ਨਦੀ ਨੂੰ ਪਲੀਤ ਕਰਨਾ ਬਿਲਕੁਲ ਗ਼ਲਤ ਹੈ। ਕੂੜੇ ਦੀਆਂ ਰੇਹੜੀਆਂ ਸੁੱਟਣ ਵਾਲੇ ਸਫ਼ਾਈ ਕਰਮਚਾਰੀਆਂ ਤੋਂ ਪੁਛਣ 'ਤੇ ਉਨ੍ਹਾਂ ਦੱਸਿਆ ਕਿ ਪੰਚਾਇਤ ਦੇ ਆਦੇਸ਼ਾਂ ਸਦਕਾਂ ਹੀ ਕੂੜਾ ਘੱਗਰ ਨਦੀਂ 'ਚ ਸੁੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਘੱਗਰ ਨਦੀ 'ਚ ਖਵਾਜਾ ਦੇਵਤੇ ਦੀ ਪੂਜਾ ਕਰਨ ਆਏ ਲੋਕਾਂ ਨੂੰ ਇੱਥੇ ਫੈਲੇ ਕੂੜੇ ਤੋਂ ਮਾਰਦੀ ਗੰਦੀ ਬਦਬੂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਉਕਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

ਨਦੀਂ 'ਚ ਸਫ਼ਾਈ ਕਰਵਾ ਦਿੱਤੀ ਜਾਵੇਗੀ :ਸਰਪੰਚ

ਇਸ ਮਾਮਲੇ ਸਬੰਧੀ ਪਿੰਡ ਭਾਂਖਰਪੁਰ ਦੀ ਮਹਿਲਾ ਸਰਪੰਚ ਹਰਜਿੰਦਰ ਕੌਰ ਨੇ ਆਖਿਆ ਕਿ ਪਿੰਡ 'ਚ ਲੱਗੇ ਸੋਲਡ ਵੇਸਟ ਮੈਨੇਜਮੈਂਟ ਦਾ ਕੰਮ ਅਜੇ ਕੁਝ ਅਧੂਰਾ ਹੈ, ਜਦੋਂ ਮੁਕੰਮਲ ਹੋ ਗਿਆ ਤਾਂ ਪਿੰਡ ਦਾ ਕੂੜਾ ਸੋਲਡ ਵੇਸਟ ਮੈਨੇਜਮੈਂਟ 'ਚ ਪਾਇਆ ਜਾਵੇਗਾ। ਘੱਗਰ ਨਦੀਂ 'ਚ ਕੂੜਾ ਸੁੱਟਣ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਨਦੀਂ 'ਚ ਸਫ਼ਾਈ ਕਰਵਾ ਦਿੱਤੀ ਜਾਵੇਗੀ।