ਪੰਜਾਬੀ ਜਾਗਰਣ ਟੀਮ, ਮੋਹਾਲੀ : ਮੋਹਾਲੀ ਪੁਲਿਸ ਵੱਲੋਂ ਬੀਤੇ ਦਿਨੀਂ ਗੈਂਗਸਟਰ ਰਵੀ ਬਲਾਚੌਰੀਆ ਦੇ ਸਾਥੀ ਦੀ ਗਿ੍ਫ਼ਤਾਰੀ ਤੋਂ ਬਾਅਦ ਰਵੀ ਨੂੰ ਗੁਜਰਾਤ ਤੋਂ ਕਾਬੂ ਕਰ ਲਿਆ ਗਿਆ ਹੈ। ਐੱਸਪੀਡੀ ਹਰਮਨਦੀਪ ਸਿੰਘ ਹਾਂਸ ਨੇ ਇੱਥੇ ਪ੍ਰਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਗੈਂਗਸਟਰ ਰਵੀ ਬਲਾਚੋਰੀਆ ਦੇ ਇਕ ਸਾਥੀ ਨੂੰ ਬੀਤੀ 5 ਫਰਵਰੀ ਨੂੰ ਫੇਜ਼-1, ਮੋਹਾਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੋਹਾਲੀ ਪੁਲਿਸ ਵੱਲੋਂ ਦਿੱਤੀ ਇਟਪੁਟ ਦੇ ਆਧਾਰ ਤੇ ਗੁਜਰਾਤ ਵਿੱਚੋਂ ਰਵੀ ਬਲਾਚੋਰੀਆ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਮੋਹਾਲੀ ਦੇ ਇੰਚਾਰਜ ਸਬ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਖਰੜ-ਮੋਹਾਲੀ ਪੁਲਿਸ ਦੀ ਟੀਮ ਵੱਲੋਂ 5 ਫਰਵਰੀ ਨੂੰ ਫੇਜ਼ -1 'ਚੋਂ ਰਵੀ ਦੇ ਸਾਥੀ ਅਰੁਣ ਕੁਮਾਰ ਉਰਫ਼ ਮਨੀ ਵਸਨੀਕ ਪਿੰਡ ਬਾਬੂ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਨੂੰ ਕਾਬੂ ਕੀਤਾ ਗਿਆ ਸੀ। ਉਸ ਕੋਲੋਂ ਗ੍ਰਾਮ ਨਸ਼ੀਲਾ ਪਾਊਡਰ, ਪਿਸਟਲ ਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਅਰੁਣ ਪਾਸੋਂ ਇਕ ਪਿਸਟਲ ਅਤੇ 10 ਕਾਰਤੂਸ ਹੋਰ ਬਰਾਮਦ ਕੀਤੇ ਗਏ ਸਨ। ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਸਾਥੀ ਸੰਦੀਪ ਕੁਮਾਰ ਵਸਨੀਕ ਪਿੰਡ ਰਾਮਪੁਰ ਬਿਲੜੋ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੀ ਕਾਬੂ ਕੀਤਾ ਗਿਆ ਅਤੇ ਉਸ ਤੋਂ ਵੀ ਇਕ ਦੇਸੀ ਕੱਟਾ ਬਰਾਮਦ ਕੀਤਾ ਸੀ।

ਉਨ੍ਹਾਂ ਦਸਿਆ ਕਿ ਰਵੀ ਬਲਾਚੌਰੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਫਗਵਾੜਾ ਵਿਖੇ ਬੰਦਕ ਦੇ ਜ਼ੋਰ 'ਤੇ 7,60,000 ਰੁਪਏ ਦੀ ਡਕੈਤੀ ਕੀਤੀ ਸੀ, ਜਿਸ ਵਿਚ ਅਰੁਣ ਵੀ ਸ਼ਾਮਲ ਸੀ। ਅਰੁਣ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਸੀਆਈਏ ਪੁਲਿਸ ਮੋਹਾਲੀ ਵੱਲੋਂ ਰਵੀ ਨੂੰ ਕਾਬੂ ਕਰਨ ਲਈ ਉਸ ਦੇ ਵੱਖ -ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਉਹ ਪੁਲਿਸ ਤੋਂ ਬਚ ਕੇ ਗੁਜਰਾਤ ਭੱਜ ਗਿਆ ਸੀ, ਜੋ ਕਿ ਮੋਹਾਲੀ ਪੁਲਿਸ ਦੀ ਇਨਪੁਟ 'ਤੇ ਗੁਜਰਾਤ ਵਿਖੇ ਗਿ੍ਫ਼ਤਾਰ ਹੋ ਚੁੱਕਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਦੋਵੇਂ ਰਵੀ ਬਲਾਚੌਰੀਆ ਦੇ ਗਿਰੋਹ ਦੇ ਮੈਂਬਰ ਹਨ। ਇਸ ਗਿਰੋਹ ਵੱਲੋਂ ਲੁੱਟਾ ਖੋਹਾਂ ਦੀਆਂ ਕਈ ਵਾਰਦਾਤਾਂ ਕੀਤੀਆਂ ਗਈਆਂ ਹਨ। ਅਰੁਣ ਕੁਮਾਰ ਅਤੇ ਸੰਦੀਪ ਕੁਮਾਰ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਰਵੀ ਬਲਾਚੌਰੀਆ ਨਾਲ ਮਿਲ ਕੇ ਜੇਲ੍ਹ ਵਿਚ ਬੰਦ ਆਪਣੇ ਸਾਥੀ ਬਿੰਨੀ ਗੁਜਰ ਨੂੰ ਪੁਲਿਸ ਹਿਰਾਸਤ 'ਚੋਂ ਭਜਾਉਣਾ ਸੀ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਰਵੀ ਬਲਾਚੌਰੀਆ ਦੇ ਗੁਜਰਾਤ 'ਚ ਹੋਣ ਦੀ ਗੱਲ ਪਤਾ ਲੱਗਣ 'ਤੇ ਪੁਲਿਸ ਵੱਲੋਂ ਗੁਜਰਾਤ ਪੁਲਿਸ ਨੂੰ ਇਨਪੁਟ ਦਿੱਤੀ ਗਈ ਜਿਸ ਤੋਂ ਬਾਅਦ ਉਸ ਨੂੰ ਉੱਥੇ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਐੱਸਪੀਡੀ ਹਾਂਸ ਨੇ ਦੱਸਿਆ ਕਿ ਇਸ ਗਿਰੋਹ ਨੇ ਥਾਣਾ ਛੱਪਰ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਦੇ ਖੇਤਰ ਵਿਚ ਬੰਦੂਕ ਦਿਖਾ ਕੇ ਇਕ ਆਈ 20 ਕਾਰ ਦੀ ਖੋਹ ਕੀਤੀ ਸੀ ਅਤੇ ਦਸੰਬਰ 2019 'ਚ ਥਾਣਾ ਸੋਹਾਣਾ ਦੇ ਐਰੋਸਿਟੀ ਖੇਤਰ ਵਿਚ ਇਕ ਐੱਮਜੀ ਹੈਕਟਰ ਗੱਡੀ ਖੋਹੀ ਸੀ।

ਉਨ੍ਹਾਂ ਦੱਸਿਆ ਕਿ ਅਰੁਣ ਕੁਮਾਰ ਨੇ 2013 'ਚ ਊਨਾ ਵਿਖੇ ਵਿਨੋਦ ਜੈਨ ਦਾ ਕਤਲ ਕੀਤਾ ਸੀ, ਜਿਸ ਵਿਚ ਉਸ ਨੂੰ ਉਮਰ ਕੈਦ ਹੋਈ ਸੀ। ਉਹ 2018 ਵਿਚ ਪਰੋਲ 'ਤੇ ਆਇਆ ਸੀ ਅਤੇ ਦੁਬਾਰਾ ਜੇਲ੍ਹ ਵਾਪਸ ਨਹੀਂ ਗਿਆ। ਇਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਜੀਵ ਕੁਮਾਰ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਇਆ ਸੀ।

ਉਨ੍ਹਾਂ ਦੱਸਿਆ ਕਿ ਅਰੁਣ ਕੁਮਾਰ ਆਦੀ ਮੁਜਰਿਮ ਹੈ ਅਤੇ ਉਸ ਖ਼ਿਲਾਫ਼ ਕਤਲ, ਲੁੱਟਾਂ-ਖੋਹਾਂ ਤੇ ਹੋਰਨਾਂ ਅਪਰਾਧਾਂ ਦੇ ਇਕ ਦਰਜਨ ਦੇ ਕਰੀਬ ਮਾਮਲੇ ਚੱਲ ਰਹੇ ਹਨ।