ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਖੇਤ ਮਜ਼ਦੂਰ ਸਭਾ ਦੇਸ਼ ਵਿਚ ਧਰਮ-ਨਿਰਪੱਖ ਅਤੇ ਜਮਹੂਰੀ ਢਾਂਚੇ ਨੂੰ ਬਚਾਉਣ ਲਈ ਅਤੇ ਭੀੜਾਂ ਦੀ ਸ਼ਕਲ ਵਿਚ ਕੁੱਟ-ਕੁੱਟ ਕੇ ਮਾਰ ਦੇਣ ਅਤੇ ਛੂਤ-ਛਾਤ ਦੀ ਬੁਰਾਈ ਦੇ ਖ਼ਿਲਾਫ਼ ਮਹਾਂ-ਅੰਦੋਲਨ ਚਲਾਏਗੀ।

ਡਾ. ਜੋਗਿੰਦਰ ਦਿਆਲ ਮੈਂਬਰ ਕੌਮੀ ਕੌਂਸਲ ਸੀਪੀਆਈ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾ. ਗੁਲਜ਼ਾਰ ਗੋਰੀਆ ਨੇ ਕਿਹਾ ਪਹਿਲੇ ਪੜਾਅ 'ਚ ਮਾਝਾ, ਮਾਲਵਾ ਅਤੇ ਦੋਆਬਾ ਵਿਚ ਤਿੰਨ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਇਹ ਕਨਵੈਨਸ਼ਨਾਂ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਨੂੰ ਸਮਰਪਿਤ ਹੋਣਗੀਆਂ।

ਅੱਜ ਜਦੋਂ ਸਾਰਾ ਦੇਸ਼ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮਨਾ ਰਿਹਾ ਹੈ, ਉਸ ਸਮੇਂ ਆਰਐਸਐਸ ਮੁਖੀ ਮੋਹਨ ਭਾਗਵਤ ਵੱਲੋਂ ਮੌਬ ਲਿਚਿੰਗ ਨੂੰ ਮੌਬ ਲਿੰਚਿੰਗ ਨਾ ਕਿਹਾ ਜਾਵੇ। ਇਨ੍ਹਾਂ ਆਗੂਆਂ ਨੇ ਸਿੱਧਾ ਪੁਿਛਆ ਕਿ ਜਦੋਂ ਭੀੜਾਂ ਦੀ ਸ਼ਕਲ ਵਿਚ ਘੱਟ-ਗਿਣਤੀਆਂ ਅਤੇ ਦਲਿਤਾਂ ਨੂੰ ਕੁੱਟ-ਕੁੱਟ ਕੇ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ ਹੈ ਤਾਂ ਉੁਸ ਨੂੰ ਹੋਰ ਕੀ ਕਿਹਾ ਜਾਵੇ?

ਭਾਗਵਤ ਵੱਲੋਂ ਦੁਸਹਿਰੇ ਵਾਲੇ ਦਿਨ ਕੀਤੀ ਗਈ ਤਕਰੀਰ ਖੁੱਲ੍ਹ ਕੇ ਇਸ ਸੋਚ ਦਾ ਪ੍ਰਗਟਾਵਾ ਕਰਦੀ ਹੈ ਕਿ ਆਰਐਸਐਸ ਇਕ ਕਲਚਰ ਸੰਗਠਨ ਨਹੀਂ ਬਲਕਿ ਇਕ ਫਾਸ਼ਿਸਟ ਵਿਚਾਰਧਾਰਾ ਅਤੇ ਅਸਹਿਣਸ਼ੀਲਤਾ ਪੱਖੀ ਸੋਚ ਹੈ। ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਨੇ ਬੀਜੇਪੀ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ ਜਿਹੜੀਆਂ ਨੀਤੀਆਂ ਦਲਿਤਾਂ ਅਤੇ ਪਛੜੇ ਲੋਕਾਂ ਦੇ ਖ਼ਿਲਾਫ਼ ਹਨ ਅਤੇ ਰੋਜ਼ਗਾਰ ਖ਼ਤਮ ਕਰਨ ਵਾਲੀਆਂ ਹਨ।