ਜਾਗਰਣ ਸੰਵਾਦਦਾਤਾ, ਰੋਹਤਕ/ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ ਹੱਤਿਆ ਤੋਂ ਬਾਅਦ ਰਿਲੀਜ਼ ਹੋਏ ਗੀਤ ਨੂੰ ਲੈ ਕੇ ਇੰਟਰਨੈੱਟ ਮੀਡੀਆ (Internet Media) 'ਤੇ ਵਿਵਾਦ ਛਿੜ ਗਿਆ ਹੈ। ਗੀਤ 'ਚ ਹਰਿਆਣਾ (Haryana) ਨਾਲ ਜੋੜੀ ਗਈ ਐਸਵਾਈਐਲ (ਸਤਲੁਜ ਯਮੁਨਾ ਲਿੰਕ) ਨਹਿਰ ਦੀ ਇਕ ਬੂੰਦ ਵੀ ਨਾ ਦੇਣ ਦਾ ਜ਼ਿਕਰ ਕੀਤਾ ਗਿਆ ਹੈ। ਹਰਿਆਣਵੀ ਗਾਇਕ ਤੇ ਮੁੱਖ ਮੰਤਰੀ ਮਨੋਹਰ ਲਾਲ ਦੇ ਪਬਲੀਸਿਟੀ ਓਐਸਡੀ ਗਜੇਂਦਰ ਫੋਗਾਟ (GajenderPhogat) ਨੇ ਇਸ ਗੀਤ ਦਾ ਵਿਰੋਧ ਕੀਤਾ ਹੈ। ਹੁਣ ਗਜੇਂਦਰ ਫੋਗਾਟ ਇਸ ਦੇ ਜਵਾਬ ਵਿੱਚ ਗੀਤ ਬਣਾਉਣਗੇ।

ਗਜੇਂਦਰ ਫੋਗਾਟ ਦਾ ਕਹਿਣਾ ਹੈ ਕਿ ਗੀਤ ਦੀ ਵੀਡੀਓ ਐਡੀਟਿੰਗ 'ਚ ਪੰਜਾਬ ਦੇ ਕੁਝ ਇਲਾਕੇ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ, ਜੋ ਕਿ ਰਾਸ਼ਟਰਵਾਦ ਖਿਲਾਫ ਹੈ। ਇਸ ਲਈ ਗੀਤ ਦੀ ਵੀਡੀਓ ਐਡਿਟ ਕਰਨ ਵਾਲੇ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਲਿਆਂਦਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਗੀਤ ਦੇ ਬਰਾਬਰ ਇਕ ਗੀਤ ਬਣਾਉਣਗੇ, ਜਿਸ ਵਿੱਚ ਰਾਸ਼ਟਰਵਾਦ ਤੇ ਤਿਰੰਗੇ ਦੀ ਸ਼ਾਨ ਨੂੰ ਦਰਸਾਇਆ ਜਾਵੇਗਾ।

ਇੰਟਰਨੈੱਟ ਮੀਡੀਆ 'ਤੇ ਇਸ ਗੀਤ ਨੂੰ ਪੰਜਾਬ ਬਨਾਮ ਹਰਿਆਣਾ ਨਾਲ ਜੋੜਿਆ ਜਾ ਰਿਹਾ ਹੈ। ਇਸ ਗੀਤ ਵਿੱਚ ਐਸਵਾਈਐਲ ਨਹਿਰ ਦਾ ਜ਼ਿਕਰ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿੱਚ ਕੁਝ ਸਤਰਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਪਾਣੀ ਦੀ ਇਕ ਬੂੰਦ ਵੀ ਨਹੀਂ ਦਿਆਂਗੇ। ਪਰ ਇਹ ਸਪੱਸ਼ਟ ਨਹੀਂ ਹੈ ਕਿ ਕੌਣ ਪਾਣੀ ਦੀ ਇਕ ਬੂੰਦ ਨਹੀਂ ਦੇਵੇਗਾ। ਇਸ ਦੇ ਨਾਲ ਹੀ ਬਲਜਿੰਦਰ ਜਟਾਣਾ ਦਾ ਵੀ ਗਾਣੇ 'ਚ ਜ਼ਿਕਰ ਹੈ ਜਿਸ ਨੇ ਭਾਖੜਾ ਡੈਮ ਦੇ ਪਾਣੀ ਨੂੰ ਰੋਪੜ 'ਚ ਪਹੁੰਚਾਉਣ ਦੇ ਪ੍ਰੋਜੈਕਟ 'ਤੇ ਕੰਮ ਕਰਨ ਵਾਲੇ ਦੋ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਤਰ੍ਹਾਂ ਇੰਟਰਨੈੱਟ ਮੀਡੀਆ 'ਤੇ ਗਾਣਾ ਰਿਲੀਜ਼ ਹੁੰਦੇ ਹੀ ਵਿਵਾਦਾਂ 'ਚ ਆ ਗਿਆ ਹੈ।

Posted By: Seema Anand